ਪੰਜਾਬ ਦੇ ਮਾਲਵਾ ਹਿੱਸੇ ਦੇ ਲੋਕਾਂ ਨੂੰ ਰੇਲਵੇ ਵਿਭਾਗ ਵਲੋਂ ਵੱਡੀ ਖੁਸ਼ਖਬਰੀ ਮਿਲੀ ਹੈ। ਹੁਣ ਪੰਜਾਬ ਦੇ ਮਾਲਵੇ ਤੋਂ ਦੱਖਣੀ ਭਾਰਤ ਵੱਲ ਟਰੇਨ ਜਾਵੇਗੀ ।ਅਜਮੇਰ-ਰਾਮੇਸ਼ਵਰਮ-ਅਜਮੇਰ ਵਿਚਕਾਰ ਚੱਲਣ ਵਾਲੀ ਹਮਸਫਰ ਐਕਸਪ੍ਰੈਸ ਟਰੇਨ ਹੁਣ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੱਕ ਚੱਲੇਗੀ। ਟਰੇਨ ਨੰਬਰ 20973 ਸ਼ਨੀਵਾਰ ਨੂੰ ਸ਼ਾਮ 5:55 ਵਜੇ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਸੋਮਵਾਰ ਰਾਤ 9:00 ਵਜੇ ਰਾਮੇਸ਼ਵਰਮ ਰੇਲਵੇ ਸਟੇਸ਼ਨ ਪਹੁੰਚੇਗੀ।
ਦੱਸ ਦਈਏ ਕਿ ਵਾਪਸੀ ਦਿਸ਼ਾ ਵਿੱਚ, ਰੇਲ ਗੱਡੀ ਨੰਬਰ 20974 ਰਾਮੇਸ਼ਵਰਮ ਤੋਂ ਮੰਗਲਵਾਰ ਨੂੰ ਰਾਤ 10.45 ਵਜੇ ਚੱਲੇਗੀ ਅਤੇ ਸ਼ੁੱਕਰਵਾਰ ਨੂੰ ਦੁਪਹਿਰ 1.30 ਵਜੇ ਫ਼ਿਰੋਜ਼ਪੁਰ ਕੈਂਟ ਪਹੁੰਚੇਗੀ। ਇਹ ਰੇਲਗੱਡੀ ਇੱਕ ਹਫ਼ਤੇ ਵਿੱਚ ਇੱਕ ਯਾਤਰਾ ਕਰੇਗੀ।
ਦੱਖਣੀ ਭਾਰਤ ਵੱਲ ਜਾਣ ਦੇ ਚਾਹਵਾਨ ਰੇਲ ਯਾਤਰੀਆਂ ਲਈ ਅੱਜ ਤੱਕ ਮਾਲਵੇ ਦੇ ਕਿਸੇ ਰੇਲਵੇ ਸਟੇਸ਼ਨ ਤੱਕ ਇੱਕ ਵੀ ਰੇਲਗੱਡੀ ਉਪਲਬਧ ਨਹੀਂ ਸੀ। ਹੁਣ ਇਸ ਟਰੇਨ ਦੇ ਚੱਲਣ ਨਾਲ ਮਾਲਵੇ ਦੇ ਲੋਕ ਸਿੱਧੇ ਦੱਖਣੀ ਭਾਰਤ ਨਾਲ ਜੁੜ ਸਕਣਗੇ ਅਤੇ ਹਿੰਦੂ ਧਾਰਮਿਕ ਸਥਾਨ ਰਾਮੇਸ਼ਵਰਮ ਤੱਕ ਆਸਾਨੀ ਨਾਲ ਪਹੁੰਚ ਸਕਣਗੇ। ਇਹ ਟਰੇਨ ਹਫਤੇ ‘ਚ ਸਿਰਫ ਇਕ ਵਾਰ ਚਲਾਈ ਜਾ ਰਹੀ ਹੈ ਅਤੇ ਜੇਕਰ ਯਾਤਰੀਆਂ ਦੀ ਗਿਣਤੀ ਵਧਦੀ ਹੈ ਤਾਂ ਇਸ ਦੀ ਬਾਰੰਬਾਰਤਾ ਵਧਾਈ ਜਾ ਸਕਦੀ ਹੈ।
ਨਾਲ ਹੀ ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਸੁਨੀਤਾ ਗਰਗ ਨੇ ਕਿਹਾ ਕਿ ਹਫਤਾਵਾਰੀ ਰੇਲ ਸੇਵਾ ਸ਼ੁਰੂ ਹੋਣ ਨਾਲ ਆਮ ਲੋਕਾਂ ਨੂੰ ਧਾਰਮਿਕ ਸਥਾਨਾਂ ‘ਤੇ ਪ੍ਰਭੂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਦੱਖਣੀ ਭਾਰਤ ਨਾਲ ਜੁੜਨ ਨਾਲ ਵਪਾਰ ਨੂੰ ਵੀ ਹੁਲਾਰਾ ਮਿਲੇਗਾ। ਕੋਟਕਪੂਰਾ ਵਿਖੇ ਰੇਲ ਦਾ ਸਟਾਪੇਜ ਯਕੀਨੀ ਬਣਾਉਣ ਲਈ ਪਾਰਟੀ ਹਾਈਕਮਾਂਡ ਰਾਹੀਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮੰਗ ਪੱਤਰ ਭੇਜਿਆ ਜਾਵੇਗਾ।












