ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਐਤਵਾਰ ਸ਼ਾਮ ਨੂੰ ਆਕਸੀਜਨ ਲੀਕ ਹੋਣ ਕਰਕੇ ਹਫੜਾ-ਦਫੜੀ ਮਚ ਗਈ ਹੈ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਆਪਣੇ ਮਰੀਜ਼ਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਕਰਮਚਾਰੀਆਂ ਨੇ ਲੀਕ ਹੋ ਰਹੇ ਆਕਸੀਜਨ ਸਿਲੰਡਰ ਨੂੰ ਸਮੇਂ ਸਿਰ ਕਾਬੂ ਕਰ ਲਿਆ। ਜਿਸ ਕਰਕੇ ਵੱਡਾ ਹਾਦਸਾ ਹੋਣੋਂ ਟਲ ਗਿਆ।
ਦੱਸ ਦਈਏ ਕਿ ਹਾਦਸਾ ਐਤਵਾਰ ਸ਼ਾਮ ਕਰੀਬ 5 ਵਜੇ ਹਸਪਤਾਲ ਦੇ ਮੈਡੀਸਨ ਵਾਰਡ 4 ਵਿੱਚ ਨੋਜ਼ਲ ਬਦਲਦੇ ਸਮੇਂ ਵਾਪਰਿਆ। ਆਕਸੀਜਨ ਗੈਸ ਲੀਕ ਹੋਣ ਦੀ ਜ਼ੋਰਦਾਰ ਆਵਾਜ਼ ਸੁਣ ਕੇ ਵਾਰਡ ‘ਚ ਮੌਜੂਦ ਕੁਝ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਆਪਣੇ ਮਰੀਜ਼ਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ, ਹਾਲਾਂਕਿ ਕਈ ਲੋਕ ਮਰੀਜ਼ਾਂ ਨੂੰ ਸਮਝਾਉਂਦੇ ਵੀ ਦੇਖੇ ਗਏ ਕਿ ਇਸ ਕਾਰਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਇਸਤੋਂ ਇਲਾਵਾ ਕੁਝ ਦਿਨ ਪਹਿਲਾਂ ਮੈਡੀਕਲ ਕਾਲਜ ਦੇ ਵਿਭਾਗ ਵਿੱਚ ਆਕਸੀਜਨ ਗੈਸ ਲੀਕ ਹੋਈ ਸੀ। ਜਿਸ ਕਰਕੇ ਨੁਕਸਾਨ ਵੀ ਹੋਇਆ। ਮੈਡੀਕਲ ਵਾਰਡ 4 ਵਿੱਚ ਆਕਸੀਜਨ ਗੈਸ ਲੀਕ ਹੋਣ ਦੀ ਘਟਨਾ ਬਾਰੇ ਮੈਡੀਕਲ ਸੁਪਰਡੈਂਟ ਡਾ: ਨੀਤੂ ਕੁੱਕੜ ਨੇ ਦੱਸਿਆ ਕਿ ਗੈਸ ਤਕਨੀਕੀ ਕਾਰਨਾਂ ਕਰਕੇ ਲੀਕ ਹੋਈ ਸੀ ਪਰ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਨਾ ਹੀ ਕਿਸੇ ਮਰੀਜ਼ ਨੂੰ ਕੋਈ ਨੁਕਸਾਨ ਹੋਇਆ ਹੈ। ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿ ਭਵਿੱਖ ਵਿੱਚ ਅਜਿਹੀ ਕੋਈ ਗਲਤੀ ਨਾ ਹੋਵੇ।









