ਪੰਜਾਬ ਵਿੱਚ ਪਨਬੱਸ ਅਤੇ ਪੀ. ਆਰ. ਟੀ. ਸੀ. ਕਰਮਚਾਰੀਆਂ ਵੱਲੋਂ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਜਾਰੀ ਹੈ ਜਿਸ ਕਾਰਨ ਯਾਤਰਾ ਕਰਨ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਟਰਾਂਸਪੋਰਟ ਮਹਿਕਮੇ ਵੱਲੋਂ ਬੱਸਾਂ ਦੀ ਆਵਾਜਾਈ ਕਰਵਾਉਣ ਲਈ ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਨਵੇਂ ਸਟਾਫ਼ ਨੂੰ ਬੁਲਾਇਆ ਗਿਆ ਪਰ ਹੜਤਾਲ ਕਰ ਰਹੇ ਕਰਮਚਾਰੀਆਂ ਵੱਲੋਂ ਨਵੇਂ ਡਰਾਈਵਰਾਂ ਨੂੰ ਬੱਸਾਂ ਚਲਾਉਣ ਤੋਂ ਰੋਕ ਦਿੱਤਾ ਗਿਆ। ਇਸ ਕਾਰਨ ਜਲੰਧਰ ਵਿਚ ਤਣਾਅਪੂਰਨ ਹਾਲਾਤ ਬਣ ਗਏ ਅਤੇ ਭਾਰੀ ਪੁਲਸ ਬਲ ਤਾਇਨਾਤ ਕਰਨਾ ਪਿਆ।
ਰੋਡਵੇਜ਼ ਅਧਿਕਾਰੀਆਂ ਨੇ ਨਵੇਂ ਸਟਾਫ਼ ਤੋਂ ਬੱਸਾਂ ਚਲਵਾਉਣ ਲਈ ਕਾਫ਼ੀ ਯਤਨ ਕੀਤੇ ਪਰ ਯੂਨੀਅਨ ਨਹੀਂ ਮੰਨੀ। ਪੁਲਸ ਵੱਲੋਂ ਵੀ ਕਰਮਚਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਰੋਡਵੇਜ਼ ਅਧਿਕਾਰੀਆਂ ਅਤੇ ਯੂਨੀਅਨ ਮੈਂਬਰਾਂ ਵਿਚ ਕਾਫੀ ਬਹਿਸ ਹੋਈ ਪਰ ਪੁਲਸ ਨੇ ਮਾਮਲਾ ਸ਼ਾਂਤ ਕਰਵਾਇਆ। ਰਾਤ ਨੂੰ ਨਵੇਂ ਡਰਾਈਵਰਾਂ ਵੱਲੋਂ ਡਿਪੂ ਵਿਚੋਂ ਬੱਸਾਂ ਕੱਢਣ ਦੀ ਸੂਚਨਾ ਦੇ ਆਧਾਰ ’ਤੇ ਯੂਨੀਅਨ ਵੱਲੋਂ ਪੰਜਾਬ ਦੇ ਲਗਭਗ ਸਾਰੇ ਡਿਪੂਆਂ ਸਾਹਮਣੇ ਰਾਤ ਨੂੰ ਵੀ ਧਾਰਨਾ ਜਾਰੀ ਰੱਖਿਆ ਗਿਆ।
ਦਸ ਦਈਏ ਕਿ ਹੜਤਾਲ ਕਾਰਨ 2100 ਤੋਂ ਜ਼ਿਆਦਾ ਬੱਸਾਂ ਦਾ ਚੱਕਾ ਜਾਮ ਹੈ ਅਤੇ ਸਿਰਫ਼ 500 ਦੇ ਕਰੀਬ ਬੱਸਾਂ ਦੀ ਆਵਾਜਾਈ ਹੋ ਰਹੀ ਹੈ। ਜ਼ਿਆਦਾਤਰ ਰੂਟਾਂ ’ਤੇ ਬੱਸਾਂ ਦੀ ਬੇਹੱਦ ਘੱਟ ਆਵਾਜਾਈ ਕਾਰਨ ਯਾਤਰੀਆਂ ਦੀਆਂ ਪਰੇਸ਼ਾਨੀਆਂ ਵਧ ਰਹੀਆਂ ਹਨ। ਜੋ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਹਨ, ਉਨ੍ਹਾਂ ਵਿਚ ਵੀ ਬੈਠਣ ਲਈ ਆਸਾਨੀ ਨਾਲ ਸੀਟ ਨਹੀਂ ਮਿਲ ਰਹੀ। ਸੋਮਵਾਰ ਰਾਤ 12 ਵਜੇ ਤੋਂ ਸ਼ੁਰੂ ਹੋਈ ਹੜਤਾਲ ਕਾਰਨ ਹਾਲੇ ਤੱਕ ਸਰਕਾਰੀ ਬੱਸਾਂ ਨਹੀਂ ਚੱਲ ਰਹੀਆਂ ਇਸ ਕਾਰਨ ਮਹਿਕਮੇ ਨੂੰ 5.50 ਕਰੋੜ ਤੋਂ ਜ਼ਿਆਦਾ ਦਾ ਟਰਾਂਜੈਕਸ਼ਨ ਲਾਸ ਹੋ ਚੁੱਕਾ ਹੈ। ਪੱਕਾ ਕਰਨ ਦੀ ਮੰਗ ਨੂੰ ਲੈ ਕੇ 6000 ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ। ਕਰਮਚਾਰੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਲਿਖ਼ਤੀ ਰੂਪ ਵਿਚ ਪੱਕੇ ਕਰਨ ਦੀ ਨੋਟੀਫਿਕੇਸ਼ਨ ਦਿੱਤੀ ਜਾਵੇ।