ਚੰਡੀਗੜ੍ਹ ਵਿੱਚ ਪੰਜਾਬ ਭਵਨ ਵੱਲ ਵਧ ਰਹੇ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਪੰਜਾਬ ਕਾਂਗਰਸ ਭਵਨ ਨੇੜੇ ਨਜ਼ਰਬੰਦ ਕਰ ਲਿਆ ਗਿਆ। ਇੰਨਾ ਹੀ ਨਹੀਂ ਮਾਹੌਲ ਵਿਗੜਦਾ ਦੇਖ ਕੇ ਉਨ੍ਹਾਂ ‘ਤੇ ਵਾਟਰ ਗੰਨ ਦਾ ਵੀ ਇਸਤੇਮਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਯੂਥ ਕਾਂਗਰਸ ਦੇ ਆਗੂਆਂ ਨੇ ਅੱਜ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਦੀ ਗੱਲ ਆਖੀ ਸੀ। ਉਹ ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ।
ਇਹ ਪ੍ਰਦਰਸ਼ਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਦੇਖ-ਰੇਖ ਹੇਠ ਸ਼ੁਰੂ ਹੋਇਆ। ਮੋਹਿਤ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਇਹ ਰੋਸ ਸਿਰਫ਼ ਉਨ੍ਹਾਂ ਦੇ ਝੂਠ ਦੇ ਖ਼ਿਲਾਫ਼ ਹੈ। ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਤਰਸਯੋਗ ਹੈ। ਲੋਕਾਂ ਨੂੰ ਫਿਰੌਤੀ ਦੇ ਫੋਨ ਆ ਰਹੇ ਹਨ। ਹਰ ਰੋਜ਼ ਕਤਲ ਹੋ ਰਹੇ ਹਨ। ਜੇਲ੍ਹਾਂ ਵਿੱਚ ਗੈਂਗਸਟਰ ਫੋਨ ਦੀ ਵਰਤੋਂ ਕਰ ਰਹੇ ਹਨ। ਪੰਜਾਬ ਸਰਕਾਰ ਕੋਲ ਹਾਈ ਕੋਰਟ ਵਿੱਚ ਦੇਣ ਲਈ ਕੋਈ ਜਵਾਬ ਨਹੀਂ ਹੈ। ਇੰਨਾ ਹੀ ਨਹੀਂ ਪੰਜਾਬ ਸਰਕਾਰ ਪੈਸੇ ਦੀ ਦੁਰਵਰਤੋਂ ਕਰ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਵੱਲ ਵਧਦੇ ਹੋਏ ਪੁਲਿਸ ਨੇ ਯੂਥ ਕਾਂਗਰਸੀ ਆਗੂਆਂ ਨੂੰ ਰਸਤੇ ਵਿੱਚ ਹੀ ਘੇਰ ਲਿਆ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਵੇਖ ਪੁਲਿਸ ਨੇ ਪਹਿਲਾਂ ਵਾਟਰ ਕੈਨਨ ਗੰਨ ਦੀ ਵਰਤੋਂ ਕੀਤੀ। ਜਿਸ ਤੋਂ ਬਾਅਦ ਭੀੜ ਖਿੰਡ ਗਈ ਪਰ ਜਿਵੇਂ ਹੀ ਕਾਂਗਰਸੀ ਆਗੂ ਮੁੜ ਇਕੱਠੇ ਹੋ ਕੇ ਅੱਗੇ ਵਧਣ ਲੱਗੇ ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।












