ਅੰਮ੍ਰਿਤਸਰ ‘ਚ 8 ਸਾਲ ਦੀ ਬੱਚੀ ਨੂੰ ਸਕੂਲ ‘ਚ ਪੜ੍ਹਦੇ ਇਕ ਨਾਬਾਲਗ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦੋਵੇਂ ਇੱਕੋ ਸਕੂਲ ਵਿੱਚ ਪੜ੍ਹਦੇ ਸਨ। ਘਟਨਾ ਬੀਤੇ ਸ਼ੁੱਕਰਵਾਰ ਨੂੰ ਵਾਪਰੀ। ਅੱਜ ਜਦੋਂ ਪਰਿਵਾਰ ਨੇ ਲੜਕੀ ਨੂੰ ਸਕੂਲ ਭੇਜਣਾ ਸ਼ੁਰੂ ਕੀਤਾ ਤਾਂ ਉਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਪੁੱਛਣ ‘ਤੇ ਵਿਦਿਆਰਥਣ ਨੇ ਸਕੂਲ ਦੇ ਬਾਥਰੂਮ ‘ਚ ਆਪਣੇ ਨਾਲ ਹੋਏ ਤਸ਼ੱਦਦ ਦੀ ਗੱਲ ਦੱਸੀ।
ਜਾਣਕਾਰੀ ਦਿੰਦਿਆਂ ਪੀੜਤਾ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ 8 ਸਾਲ ਦੀ ਹੈ ਅਤੇ ਮਜੀਠਾ ਰੋਡ ਬਾਈਪਾਸ ‘ਤੇ ਸਥਿਤ ਪਬਲਿਕ ਸਕੂਲ ‘ਚ ਪੜ੍ਹਦੀ ਹੈ।ਲੜਕੀ ਕਲਾਸ ਰੂਮ ਤੋਂ ਬਾਥਰੂਮ ਗਈ ਸੀ। ਸਕੂਲ ‘ਚ ਪੜ੍ਹਦਾ ਨਾਬਾਲਗ ਦੋਸ਼ੀ ਉੱਥੇ ਹੀ ਮੌਜੂਦ ਸੀ। ਜਿਵੇਂ ਹੀ ਲੜਕੀ ਬਾਥਰੂਮ ਤੋਂ ਬਾਹਰ ਆਈ ਤਾਂ ਦੋਸ਼ੀ ਉਸ ਨੂੰ ਖਿੱਚ ਕੇ ਵਾਪਸ ਬਾਥਰੂਮ ਲੈ ਗਿਆ।
ਪੀੜਤਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਦੋਸ਼ੀ ਨੇ ਉਸ ਨਾਲ ਬਾਥਰੂਮ ‘ਚ ਬਲਾਤਕਾਰ ਕੀਤਾ ਅਤੇ ਉਸ ਨੂੰ ਮੂੰਹ ਬੰਦ ਰੱਖਣ ਦੀ ਧਮਕੀ ਵੀ ਦਿੱਤੀ। ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਸ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨਾਬਾਲਗ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ।
ਏਸੀਪੀ ਨਾਰਥ ਵਰਿੰਦਰ ਖੋਸਾ ਨੇ ਦੱਸਿਆ ਕਿ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਸੂਚਨਾ ਸਵੇਰੇ ਹੀ ਮਿਲੀ ਸੀ। ਜਿਸ ਤੋਂ ਬਾਅਦ ਟੀਮ ਸਕੂਲ ਪਹੁੰਚੀ। ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਬਲਾਤਕਾਰ ਕਰਨ ਵਾਲਾ ਨੌਜਵਾਨ ਵੀ ਨਾਬਾਲਗ ਹੈ, ਜਿਸ ਕਾਰਨ ਉਸ ਖ਼ਿਲਾਫ਼ ਨਾਬਾਲਗ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।












