ਅੱਜ ਸੰਵਾਦ ਗਰੁੱਪ ਹਰਿਆਵਲ ਪੰਜਾਬ ਅਤੇ ਸੇਵਾ ਭਾਰਤੀ ਨਾਮਕ ਸੰਸਥਾਵਾਂ ਵੱਲੋਂ ਇਲਾਕੇ ਦੇ ਵਿਦਿਆਰਥੀਆਂ ਨਾਲ ਵਾਤਾਵਰਨ ਨੂੰ ਕਿਵੇਂ ਬਚਾਇਆ ਜਾ ਸਕੇ। ਲੰਮੀ ਪਰ ਰੌਚਕ ਵਿਚਾਰ ਚਰਚਾ ਕੀਤੀ ਗਈ। 4 ਘੰਟੇ ਤੋਂ ਉੱਪਰ ਚੱਲੀ ਇਸ ਚਰਚਾ ਵਿੱਚ ਵਿਦਿਆਰਥੀਆਂ ਨੇ ਵਿਕਾਸ ਨੂੰ ਪਰਿਭਾਸ਼ਿਤ ਕਰਦੇ ਹੋਏ ਇਸਦੇ ਮਾਇਨੇ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਵਿਕਸਿਤ ਸ਼ਹਿਰਾਂ ਵਿੱਚ ਹਵਾ ਮਿੱਟੀ ਪਾਣੀ ਦੀ ਉਪਲਭਦਤਾ, ਕੀਮਤ ਤੇ ਇਹਨਾਂ ਉੱਪਰ ਕਿਸਦਾ ਕਬਜ਼ਾ ਹੋ ਰਿਹਾ ਹੈ ਇਸ ਬਾਰੇ ਚਰਚਾ ਕੀਤੀ।
200 ਵਿਦਿਆਰਥੀਆਂ ਨੂੰ ਪਹਿਲਾਂ 20 ਗਰੁੱਪਾਂ ਵਿੱਚ ਵੰਡ ਕੇ ਕੁਝ ਵਿਚਾਰਾਂ ਉੱਪਰ ਚਰਚਾ ਕਾਰਵਾਈ ਗਈ ਫਿਰ ਉਹਨਾਂ ਨੇ ਵਾਤਾਵਰਨ ਪ੍ਰੇਮੀਆਂ ਨਾਲ ਸਵਾਲ ਜਵਾਬ ਕੀਤੇ।
ਇਸ ਸਮਾਗਮ ਵਿੱਚ ਮੱਤੇਵਾੜਾ ਜੰਗਲ ਦੀ ਰੱਖਿਆ ਲਈ ਬਣੀ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਜਸਕੀਰਤ ਸਿੰਘ ਖ਼ਾਸ ਤੌਰ ਤੇ ਪਹੁੰਚੇ।
ਉਹਨਾਂ ਨੇ ਜੰਗਲ ਦੇ ਸੰਘਰਸ਼ ਦੇ ਨਾਲ ਨਾਲ ਬੱਚਿਆਂ ਨੂੰ ਲੁਧਿਆਣਾ ਦੇ ਬੁੱਢੇ ਦਰਿਆ ਅਤੇ ਸਤਲੁਜ ਨਦੀ ਦੇ ਪ੍ਰਦੂਸ਼ਣ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਪਲਾਸਟਿਕ ਪੈਕਿੰਗ, ਨਦੀਆਂ ਦੇ ਪ੍ਰਦੂਸ਼ਣ ਆਦਿ ਨੂੰ ਲੈਕੇ ਬੱਚਿਆਂ ਨੇ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਆਂ ਹੋਏ ਸਵਾਲ ਕੀਤੇ ਤੇ ਪੁੱਛਿਆ ਕਿ ਅਜਿਹੀ ਹਾਲਤਾਂ ਵਿੱਚ ਆਮ ਲੋਕ ਕੀ ਕਰ ਸਕਦੇ ਹਨ। ਬੱਚਿਆਂ ਨੂੰ ਨਾਭੇ ਦੇ ਕੂੜਾ ਪ੍ਰਬੰਧਨ ਬਾਰੇ ਇੱਕ ਵੀਡਿਉ ਵੀ ਦਿਖਾਈ ਗਈ ਤੇ ਦੱਸਿਆ ਗਿਆ ਕਿ ਪਿਛਲੇ ਦੋ ਮਹੀਨੇ ਕੂੜੇ ਨੂੰ ਅੱਗ ਲੱਗੀ ਰਹੀ ਪਰ ਪ੍ਰਸ਼ਾਸਨ ਨੇ ਇਸ ਬਾਬਤ ਕੋਈ ਉਪਰਾਲਾ ਨਾ ਕੀਤਾ ਤੇ ਆਖਰ ਬਰਸਾਤ ਨਾਲ ਹੀ ਇਹ ਅੱਗ ਬੁੱਝੀ।
ਸੰਵਾਦ ਗਰੁੱਪ ਦੇ ਸੰਯੋਜਕ ਰਾਜੇਸ਼ ਢੀਂਗਰਾ ਨੇ ਇਸ ਸਮਾਗਮ ਵਿੱਚ ਸ਼ਾਮਲ ਵੱਖ ਵੱਖ ਸੰਸਥਾਵਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸੇਵਾ ਭਾਰਤੀ ਦੇ ਚੰਦਰ ਸ਼ੇਖਰ, ਹਰਿਆਵਲ ਪੰਜਾਬ ਦੇ ਗਿਰਧਾਰੀ ਲਾਲ ਅਤੇ ਸੰਵਾਦ ਗਰੁੱਪ ਤੋਂ ਸਨੀ ਰਹੇਜਾ, ਰਾਜਿੰਦਰ ਸਿੰਘ ਸਿੱਧੂ ਆਦਿ ਮੋਹਤਵਰਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਵਾਤਾਵਰਨ ਦੇ ਮੁੱਦੇ ਉੱਪਰ ਸੰਤੁਸ਼ਟ ਕਰੇ ਬਿਨਾਂ ਸਰਕਾਰ ਨੂੰ ਕਾਮਯਾਬ ਨਾ ਮੰਨਿਆ ਜਾਵੇ, ਇਸ ਪ੍ਰੋਗਰਾਮ ਰਾਹੀਂ ਇਸ ਵਿਚਾਰ ਦੀ ਨਿਸ਼ਾਨਦੇਹੀ ਕੀਤੀ ਗਈ।
ਇਸ ਮੌਕੇ ਬੱਚਿਆਂ ਨੂੰ ਸੋਪਾਨ ਜੋਸ਼ੀ ਦੀ ਕਿਤਾਬ ਜਲ ਥਲ ਮਲ ਵੰਡੀ ਗਈ।