ਮੋਗਾ ਦੇ ਬੱਧਨੀ ਕਲਾਂ ਵਿੱਚ ਇੱਕ ਤੇਜ਼ ਰਫ਼ਤਾਰ ਬੱਸ ਨੇ ਇੱਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਜਿਸ ‘ਚ ਈ-ਰਿਕਸ਼ਾ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੋਕਾਂ ਨੇ ਬੱਸ ਡਰਾਈਵਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਹ ਹਾਦਸਾ ਐਤਵਾਰ ਰਾਤ ਨੂੰ ਵਾਪਰਿਆ। ਮ੍ਰਿਤਕ ਦੀ ਪਛਾਣ ਸੁਖਜਿੰਦਰ ਸਿੰਘ ਵਜੋਂ ਹੋਈ ਹੈ।
ਜਾਂਚ ਅਧਿਕਾਰੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਕਸਬਾ ਬੱਧਨੀ ਕਲਾਂ ਦੇ ਬੱਸ ਸਟੈਂਡ ਨੇੜੇ ਗੋਬਿੰਦ ਮੋਟਰ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਸੁਖਜਿੰਦਰ ਸਿੰਘ ਦੀ ਮੌਤ ਹੋ ਗਈ। ਮੌਕੇ ‘ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਹਸਪਤਾਲ ਮੋਗਾ ਪਹੁੰਚਾਇਆ।
ਲੋਕਾਂ ਨੇ ਬੱਸ ਡਰਾਈਵਰ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ। ਬੱਸ ਡਰਾਈਵਰ ਦੀ ਪਛਾਣ ਇੰਦਰਪਾਲ ਵਜੋਂ ਹੋਈ ਹੈ। ਡਰਾਈਵਰ ਸੰਗਰੂਰ ਦਾ ਰਹਿਣ ਵਾਲਾ ਹੈ। ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਦੇ ਬਿਆਨਾਂ ’ਤੇ ਡਰਾਈਵਰ ਖ਼ਿਲਾਫ਼ ਥਾਣਾ ਬੱਧਨੀ ਕਲਾਂ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।












