ਦੀਵਾਲੀ ਦੀ ਰਾਤ ਪੰਜਾਬ ਕੇਡਰ ਦੇ ਇਕ ਆਈਏਐਸ ਅਧਿਕਾਰੀ ਦੇ ਘਰ ‘ਤੇ ਗੋਲੀ ਚਲਾਈ ਗਈ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 24 ਵਿੱਚ ਰਹਿਣ ਵਾਲੇ ਆਈਏਐਸ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੇ ਘਰ ਵਾਪਰੀ। ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਗੋਲੀਆਂ ਚਲਾਈਆਂ।
ਘਟਨਾ ਸਮੇਂ ਵਰਿੰਦਰ ਕੁਮਾਰ ਸ਼ਰਮਾ ਆਪਣੇ ਪੂਰੇ ਪਰਿਵਾਰ ਨਾਲ ਘਰ ‘ਚ ਮੌਜੂਦ ਸੀ। ਇਸ ਗੋਲੀਬਾਰੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਵਰਿੰਦਰ ਕੁਮਾਰ ਸ਼ਰਮਾ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚ ਤਾਇਨਾਤ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੀ ਤਾਇਨਾਤੀ ਚੰਡੀਗੜ੍ਹ ਵਿੱਚ ਹੀ ਹੈ।
ਚੰਡੀਗੜ੍ਹ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੀਵਾਲੀ ਦੀ ਰਾਤ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ’ਤੇ ਪੂਜਾ ਅਰਚਨਾ ਕਰਨ ਮਗਰੋਂ ਪਰਿਵਾਰਕ ਮੈਂਬਰਾਂ ਨਾਲ ਬੈਠੇ ਸਨ। ਇਸ ਦੇ ਨਾਲ ਹੀ ਸੜਕ ਤੋਂ ਅਣਪਛਾਤੇ ਬਦਮਾਸ਼ਾਂ ਵੱਲੋਂ ਉਨ੍ਹਾਂ ਦੇ ਘਰ ‘ਤੇ ਗੋਲੀਬਾਰੀ ਕੀਤੀ ਗਈ।
ਬਦਮਾਸ਼ਾਂ ਵੱਲੋਂ ਚਲਾਈ ਗਈ ਗੋਲੀ ਵਰਿੰਦਰ ਕੁਮਾਰ ਸ਼ਰਮਾ ਦੇ ਘਰ ਦੇ ਇੱਕ ਕਮਰੇ ਦੀ ਖਿੜਕੀ ਵਿੱਚ ਜਾ ਵੱਜੀ ਜੋ ਕਿ ਪਲਾਈ ਨਾਲ ਬੰਦ ਸੀ। ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਗੋਲੀ ਪਲਾਈ ਵਿੱਚ ਹੀ ਫਸ ਗਈ ਸੀ। ਜਦਕਿ ਗੋਲੀ ਨੇ ਪਲਾਈ ਵਿੱਚ ਇੱਕ ਮੋਰੀ ਛੱਡ ਦਿੱਤੀ। ਇਸ ਘਟਨਾ ਤੋਂ ਬਾਅਦ ਵਰਿੰਦਰ ਕੁਮਾਰ ਸ਼ਰਮਾ ਨੇ ਖੁਦ ਰਾਤ 11:30 ਵਜੇ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕੀਤਾ।
ਮਾਮਲਾ ਸੀਨੀਅਰ ਸਰਕਾਰੀ ਅਫ਼ਸਰ ਨਾਲ ਸਬੰਧਤ ਹੋਣ ਕਾਰਨ ਚੰਡੀਗੜ੍ਹ ਪੁਲਿਸ ਦੇ ਡੀਸੀਪੀ ਕਰਾਈਮ ਉਦੈਭਾਨ ਸਿੰਘ, ਸੈਕਟਰ-11 ਥਾਣੇ ਦੇ ਐਸਐਚਓ ਅਤੇ ਸੈਕਟਰ 24 ਥਾਣੇ ਦੇ ਇੰਚਾਰਜ ਰਾਤ ਨੂੰ ਹੀ ਮੌਕੇ ’ਤੇ ਪਹੁੰਚ ਗਏ। ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ, ਜਿਸ ਨੇ ਮੌਕੇ ਤੋਂ ਗੋਲੀ ਦਾ ਖਾਲੀ ਖੋਲ ਬਰਾਮਦ ਕੀਤਾ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।












