ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ
ਬਠਿੰਡਾ, 1 ਮਈ 2022 – ਬਠਿੰਡਾ ਦੇ ਨੇੜੇ ਦੇ ਪਿੰਡ ਕੋਰ ਸਿੰਘ ਵਾਲਾ ਵਿਖੇ ਬੀਤੀ ਰਾਤ ਇੱਕ ਔਰਤ ਵੱਲੋਂ ਆਪਣੇ ਪਤੀ ਸੱਸ ਤੇ ਚਾਰ ਬੱਚਿਆਂ ਦੇ ਖਾਣੇ ਵਿੱਚ ਨਸ਼ੀਲਾ ਪਦਾਰਥ ਪਾ ਕੇ ਬੇਹੋਸ਼ ਕਰ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਉਹਨਾਂ ਨੂੰ ਫੋਨ ਆਇਆ ਕਿ ਪਿੰਡ ਕੋਰ ਸਿੰਘ ਵਾਲਾ ਦੇ ਇੱਕ ਘਰ ਵਿੱਚ ਛੇ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਪਏ ਹਨ। ਸੂਚਨਾ ਮਿਲਣ ਤੇ ਉਹਨਾਂ ਦਾ ਕੇ ਵੇਖਿਆ ਤਾਂ ਘਰ ਵਿਚ ਚਾਰ ਬੱਚਿਆਂ ਸਮੇਤ ਇੱਕ ਬਜ਼ੁਰਗ ਔਰਤ ਤੇ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਪਏ ਸਨ। ਜਿਹਨਾਂ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਭਰਤੀ ਕਰਵਾਇਆ ਗਿਆ। ਜਿਥੇ ਬਜੂਰਗ ਔਰਤ ਤੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦਕਿ ਬੱਚੇ ਖ਼ਤਰੇ ਤੋਂ ਬਾਹਰ ਹਨ।
ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਮੌਜੂਦ ਮਰੀਜ਼ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਬਲਜੀਤ ਸਿੰਘ ਦਾ ਆਪਣੀ ਪਤਨੀ ਸੰਦੀਪ ਕੌਰ ਨਾਲ ਪਿਛਲੇ ਲੰਬੇ ਸਮੇਂ ਤੋਂ ਝਗੜਾ ਚੱਲਦਾ ਸੀ, ਸੰਦੀਪ ਕੌਰ ਜ਼ੋ ਕਿ ਸਿੰਗਾਪੁਰ ਵਿਖੇ ਕੰਮ ਕਰਦੀ ਹੈ ਉਹ ਦੋ ਮਹੀਨੇ ਪਹਿਲਾਂ ਭਾਰਤ ਆਈ ਸੀ। ਜਿਸ ਦਾ ਪਤਾ ਲੱਗਣ ‘ਤੇ ਕਰੀਬ ਇੱਕ ਮਹੀਨਾ ਪੰਚਾਇਤ ਨੇ ਉਸਨੂੰ ਮਨਾਕੇ ਘਰ ਲੈ ਆਂਦਾ ਸੀ।
ਉਹਨਾਂ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਸੰਦੀਪ ਕੌਰ ਨੇ ਪਰਿਵਾਰ ਦੇ ਖਾਣੇ ਵਿੱਚ ਨਸ਼ੀਲਾ ਪਦਾਰਥ ਮਿਲਾ ਦਿੱਤਾ ਤੇ ਆਪ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਈ। ਜਿਸਨੂੰ ਛੋਟੀ ਬੇਟੀ ਨੇ ਜਾਂਦਿਆਂ ਵੇਖਿਆ। ਜ਼ਹਿਰੀਲਾ ਖਾਣਾ ਖਾਣ ਕਾਰਨ ਸੰਦੀਪ ਕੌਰ ਦਾ ਪਤੀ ਬਲਜੀਤ ਸਿੰਘ ਉਸਦੀ ਸੱਸ ਪਰਮਜੀਤ ਕੌਰ ਦੋ ਬੇਟੀਆਂ ਪ੍ਰਭਜੋਤ ਕੌਰ, ਜਸ਼ਨਪ੍ਰੀਤ ਕੌਰ ਤੇ ਬੇਟਾ ਕਰਮ ਸਿੰਘ ਅਤੇ ਬਲਜੀਤ ਸਿੰਘ ਦਾ ਭਤੀਜਾ ਜੀਵਨਜੋਤ ਸਿੰਘ ਸਾਰੇ ਬੱਚੇ 10 ਤੋਂ 15 ਸਾਲ ਉਮਰ ਸਾਰੇ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਦਾਖਿਲ ਕਰਵਾਇਆ ਗਿਆ। ਜਿਥੇ ਬਲਜੀਤ ਸਿੰਘ ਤੇ ਉਸਦੀ ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦਕਿ ਬੱਚੇ ਖ਼ਤਰੇ ਤੋਂ ਬਾਹਰ ਹਨ।












