- ਪਿਤਾ ਨੇ ਲੋਕਾਂ ਤੇ ਪ੍ਰਸ਼ਾਸਨ ਨੂੰ ਕੀਤੀ ਅਪੀਲ, ਕਿਹਾ- ਨਾ ਖੇਡੋ, ਇਹ ਮੌਤ ਦੀ ਖੇਡ ਹੈ
ਅੰਮ੍ਰਿਤਸਰ, 6 ਜਨਵਰੀ 2024 – ਅੰਮ੍ਰਿਤਸਰ ‘ਚ ਚੀਨੀ ਡੋਰ ਨਾਲ ਨੌਜਵਾਨ ਦਾ ਗਲਾ ਵੱਢਿਆ ਗਿਆ, ਹਾਲਾਂਕਿ ਇਸ ਦੌਰਾਨ ਨੌਜਵਾਨ ਵਾਲ-ਵਾਲ ਬਚਾਅ ਹੋ ਗਿਆ। ਇਸ ਤੋਂ ਬਾਅਦ ਉਸ ਦੇ ਪਿਤਾ ਸੋਸ਼ਲ ਮੀਡੀਆ ਰਾਹੀਂ ਲੋਕਾਂ ਅਤੇ ਪ੍ਰਸ਼ਾਸਨ ਨੂੰ ਖੂਨੀ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰ ਰਹੇ ਹਨ। ਜ਼ਖਮੀ ਨੌਜਵਾਨ ਦੇ ਪਿਤਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਬਣਾ ਕੇ ਅਪੀਲ ਕੀਤੀ ਕਿ ਇਹ ਖੂਨੀ ਡੋਰ ਹੈ। ਇਸਦੀ ਵਰਤੋਂ ਨਾ ਕਰੋ।
ਉਸ ਨੇ ਦੱਸਿਆ ਕਿ ਉਸ ਦਾ ਲੜਕਾ ਅਲਫ਼ਾ ਵਨ ਪੁਲ ਤੋਂ ਹੇਠਾਂ ਆ ਰਿਹਾ ਸੀ ਜਿੱਥੇ ਇਹ ਡੋਰ ਉਸ ਦੇ ਗਲੇ ਵਿਚ ਲਿਪਟ ਗਈ ਅਤੇ ਡੂੰਘਾ ਕੱਟ ਲੱਗ ਗਿਆ। ਇਸ ਤੋਂ ਬਾਅਦ ਉਸ ਨੂੰ 10 ਟਾਂਕੇ ਲੱਗੇ ਅਤੇ ਉਹ ਮੁਸ਼ਕਿਲ ਨਾਲ ਬਚਿਆ ਕਿਉਂਕਿ ਕੱਟ ਉਸ ਦੀਆਂ ਨਸਾਂ ਦੇ ਬਿਲਕੁਲ ਨੇੜੇ ਸੀ। ਇਸ ਤੋਂ ਬਾਅਦ ਪਿਤਾ ਨੇ ਸੋਸ਼ਲ ਮੀਡੀਆ ‘ਤੇ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਇਹ ਹਾਲਤ ਹੋਈ ਹੈ। ਪ੍ਰਸ਼ਾਸਨ ਇਸ ਖੂਨੀ ਡੋਰ ਨੂੰ ਬੰਦ ਕਰੇ ਤਾਂ ਜੋ ਕਿਸੇ ਹੋਰ ਦਾ ਅਜਿਹਾ ਨੁਕਸਾਨ ਨਾ ਹੋਵੇ।
ਉਨ੍ਹਾਂ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਵੀ ਅਪੀਲ ਕੀਤੀ ਹੈ। ਇਹ ਖੂਨੀ ਡੋਰ ਘਾਤਕ ਹੈ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚੇ ਨੂੰ ਇਹ ਖੂਨੀ ਡੋਰ ਨਾ ਦੇਣ ਕਿਉਂਕਿ ਇਸ ਨਾਲ ਕਿਸੇ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ।
ਪੁਲਿਸ ਵੱਲੋਂ ਹਰ ਰੋਜ਼ ਕੋਈ ਨਾ ਕੋਈ ਚੀਨੀ ਡੋਰ ਗੱਟੂ ਫੜਿਆ ਜਾ ਰਿਹਾ ਹੈ, ਫਿਰ ਵੀ ਚੀਨੀ ਡੋਰ ਨੂੰ ਅੰਨ੍ਹੇਵਾਹ ਵੇਚਿਆ ਜਾ ਰਿਹਾ ਹੈ। ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਲੋਕ ਚਾਈਨਾ ਡੋਰ ਤੋਂ ਪਤੰਗ ਉਡਾ ਰਹੇ ਹਨ।












