ਨਵੀਂ ਦਿੱਲੀ, 7 ਦਸੰਬਰ 2021 – ਕਾਂਗਰਸੀ ਲੀਡਰ ਰਾਹੁਲ ਗਾਂਧੀ ਵਲੋਂ ਅੱਜ ਲੋਕ ਸਭਾ ‘ਚ ਕਿਹਾ ਗਿਆ ਕਿ ਕਿਸਾਨ ਅੰਦੋਲਨ ‘ਚ ਲਗਭਗ 700 ਕਿਸਾਨ ਸ਼ਹੀਦ ਹੋਏ ਅਤੇ ਸਾਡੇ ਕੋਲ ਕਿਸਾਨਾਂ ਦੇ ਆਂਕੜੇ ਹਨ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦੇਵੇ।
30 ਨਵੰਬਰ ਨੂੰ ਖੇਤੀਬਾੜੀ ਮੰਤਰੀ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਕਿਸਾਨ ਅੰਦੋਲਨ ‘ਚ ਕਿੰਨੇ ਕਿਸਾਨ ਸ਼ਹੀਦ ਹੋਏ। ਖੇਤੀਬਾੜੀ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਕੋਈ ਆਂਕੜਾ ਨਹੀਂ ਹੈ। ਰਾਹੁਲ ਗਾਂਧੀ ਨੇ ਸਦਨ ਵਿੱਚ ਲਿਸਟ ਵਿਖਾਉਂਦਿਆਂ ਸਰਕਾਰ ਦੇ ਉਸ ਦਾਅਵੇ ਨੂੰ ਖਾਰਜ ਕੀਤਾ ਕਿ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦਾ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਨੇ ਲੋਕ ਸਭਾ ‘ਚ ਕਿਸਾਨ ਅੰਦੋਲਨ ‘ਚ ਮਾਰੇ ਗਏ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ।
ਅੱਗੇ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ 400 ਦੇ ਕਰੀਬ ਕਿਸਾਨਾਂ ਨੂੰ 5 ਲੱਖ ਦਾ ਮੁਆਵਜ਼ਾ ਤੇ 152 ਕਿਸਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਅਤੇ ਅਸੀਂ ਹਰਿਆਣਾ ਦੇ 70 ਕਿਸਾਨਾਂ ਦੀ ਸੂਚੀ ਬਣਾਈ ਹੈ, ਜਿਸ ਨੂੰ ਮੈਂ ਸਦਨ ਦੇ ਸਾਹਮਣੇ ਰੱਖ ਰਿਹਾ ਹਾਂ।