ਚੰਡੀਗੜ੍ਹ ਦੀਆਂ ਸੜਕਾਂ ‘ਤੇ ਬਿਨਾਂ ਮਨਜ਼ੂਰੀ ਦੇ ਹੋਰਡਿੰਗ ਲਗਾਉਣ ‘ਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ 10 ਦਿਨਾਂ ਦੇ ਅੰਦਰ ਜੁਰਮਾਨਾ ਭਰਨਾ ਪਵੇਗਾ। ਨਗਰ ਨਿਗਮ ਵੱਲੋਂ ਜਾਰੀ ਨੋਟਿਸ ਵਿੱਚ ਦਸ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਨੇ 29 ਹਜ਼ਾਰ 390 ਰੁਪਏ ਜੁਰਮਾਨਾ ਲਗਾਇਆ ਹੈ।ਨਗਰ ਨਿਗਮ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਕੁੱਲ 13 ਇਸ਼ਤਿਹਾਰੀ ਬੋਰਡ ਜ਼ਬਤ ਕੀਤੇ ਗਏ। ਜੁਰਮਾਨੇ ‘ਤੇ 18 ਫੀਸਦੀ ਜੀਐਸਟੀ ਵੀ ਲਗਾਇਆ ਗਿਆ ਹੈ। ਚੰਡੀਗੜ੍ਹ ਕਾਂਗਰਸ ਨੇ ਨਗਰ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ।
ਚੰਡੀਗੜ੍ਹ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਹਰਮੇਲ ਕੇਸਰੀ ਦਾ ਕਹਿਣਾ ਹੈ ਕਿ ਭਾਜਪਾ ਸ਼ਾਸਤ ਨਗਰ ਨਿਗਮ ਨੇ ਜਾਣਬੁੱਝ ਕੇ ਜੁਰਮਾਨੇ ਦਾ ਨੋਟਿਸ ਭੇਜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨ ਸਾਲ ਪਹਿਲਾਂ ਜਦੋਂ ਸ਼ਹਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਹੋਈ ਸੀ, ਉਦੋਂ ਵੀ ਭਾਜਪਾ ਵੱਲੋਂ ਅਜਿਹੇ ਹੋਰਡਿੰਗ ਲਾਏ ਗਏ ਸਨ, ਉਸ ਸਮੇਂ ਕੋਈ ਨੋਟਿਸ ਨਹੀਂ ਭੇਜਿਆ ਗਿਆ ਸੀ। ਨਗਰ ਨਿਗਮ ਪੱਖਪਾਤੀ ਹੈ।












