ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਪੰਜਾਬ ਹਰਿਆਣਾ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਨੂੰ ਵੀ ਇੱਕ ਮਹੀਨੇ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੈ। ਇਸ ਤੋਂ ਇਲਾਵਾ ਲਗਾਤਾਰ ਸੰਯੁਕਤ ਕਿਸਾਨ ਮੋਰਚਾ ਸਿਆਸੀ ਅਤੇ ਗੈਰ ਸਿਆਸੀ ਵਿਚਾਲੇ ਮੀਟਿੰਗਾਂ ਦਾ ਵੀ ਦੌਰ ਚੱਲ ਰਿਹਾ ਹੈ। ਜਿਸ ਤੋਂ ਇਨ੍ਹਾਂ ਵਿਚਾਲੇ ਏਕਾ ਹੋਣ ਦੇ ਕਿਆਸ ਲਗਾਏ ਜਾ ਰਹੇ ਸੀ। ਪਰ ਹੁਣ ਅਜਿਹਾ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੈ।
ਐਸਕੇਐਮ ਗੈਰ ਸਿਆਸੀ ਨਹੀਂ ਹੋਵੇਗਾ ਮੀਟਿੰਗ ’ਚ ਸ਼ਾਮਲ
ਦਰਅਸਲ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ 12 ਫਰਵਰੀ ਨੂੰ ਹੋਣ ਵਾਲੀ ਮੀਟਿੰਗ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਰਾਜਸਥਾਨ ਵਿੱਚ ਕੀਤੀ ਜਾ ਰਹੀ ਮਹਾਂ ਪੰਚਾਇਤ ਤੋਂ ਪਹਿਲਾਂ ਬਠਿੰਡਾ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੈਠਕ ਸਬੰਧੀ ਜੋ ਸੱਦਾ ਭੇਜਿਆ ਗਿਆ ਹੈ ਉਸ ਵਿੱਚ ਜਾਣ ਤੋਂ ਉਹ ਅਸਮਰਥ ਹਨ।
ਕਿਸਾਨ ਆਗੂ ਅਭਿਮਨਯੂ ਕੋਹਾੜ ਨੇ ਦਿੱਤੀ ਜਾਣਕਾਰੀ
ਕਿਸਾਨ ਆਗੂ ਅਭਿਮਨਯੂ ਕੋਹਾੜ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 11, 12 ਅਤੇ 13 ਫਰਵਰੀ ਨੂੰ ਪੰਜਾਬ-ਹਰਿਆਣਾ ਅਤੇ ਰਾਜਸਥਾਨ ਬਾਰਡਰਾਂ ਤੇ ਮਹਾਂ ਪੰਚਾਇਤ ਕੀਤੀ ਜਾਣੀ ਹੈ, ਉਨ੍ਹਾਂ ਕਿਹਾ ਕਿ ਮੀਟਿੰਗ ਦਾ ਸਮਾਂ ਤੈਅ ਕਰਨ ਤੋਂ ਪਹਿਲਾਂ ਤਾਲਮੇਲ ਜਰੂਰੀ ਹੁੰਦਾ ਹੈ ਪਰ ਉਨ੍ਹਾਂ ਨੂੰ ਮੀਟਿੰਗ ਤੋਂ ਪਹਿਲਾਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਪਰ ਹੁਣ ਉਹ ਸਪਸ਼ਟ ਕਰਦੇ ਹਨ ਕਿ ਉਹ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਉਹ ਤਾਲਮੇਲ ਚਾਹੁੰਦੇ ਹਨ ਅਤੇ ਕਿਸਾਨਾਂ ਦੇ ਹਿੱਤਾਂ ਲਈ ਲੜਨ ਵਾਲੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਖਨੌਰੀ ’ਤੇ ਚੱਲ ਰਹੇ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰ ਰਹੇ ਹਨ।
ਕਿਸਾਨ ਜਥੇਬੰਦੀਆਂ ਤੋਂ ਮੰਗੇ ਗਏ ਸੁਝਾਅ
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਗੱਲਬਾਤ ਲਈ ਸੱਦਾ ਭੇਜਿਆ ਗਿਆ ਹੈ ਉਸ ਗੱਲਬਾਤ ਨੂੰ ਵੇਖਦੇ ਹੋਏ ਦੇਸ਼ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਤੋਂ ਸੁਝਾਅ ਮੰਗੇ ਗਏ ਹਨ ਤਾਂ ਜੋ ਇਸ ਬੈਠਕ ਦੌਰਾਨ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਅੱਗੇ ਸਹੀ ਢੰਗ ਨਾਲ ਰੱਖਿਆ ਜਾ ਸਕੇ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਲੁਕਮੇ ਢੰਗ ਨਾਲ ਖੇਤੀ ਖਰੜਾ ਦਾ ਭੇਜਿਆ ਗਿਆ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਇਹ ਖਰੜਾ ਕਿਸੇ ਵੀ ਹਾਲਾਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਐਸਕੇਐਮ ਗੈਰ ਸਿਆਸੀ ਦੀ ਸਿਆਸੀ ਧੜੇ ਨੂੰ ਅਪੀਲ
ਉਨ੍ਹਾਂ ਨੇ ਸੰਯੁਕਤ ਕਿਸਾਨ ਮੋਰਚੇ ਸਿਆਸੀ ਦੇ ਸਾਥੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਪ੍ਰੋਗਰਾਮ ਉਲੀਕਣ ਤੋਂ ਪਹਿਲਾਂ ਇੱਕ ਵਾਰ ਉਹਨਾਂ ਨਾਲ ਵਿਚਾਰ ਚਰਚਾ ਜਰੂਰ ਕਰ ਲਿਆ ਕਰਨ ਤਾਂ ਜੋ ਸਾਰੇ ਸ਼ਾਮਲ ਹੋ ਸਕਣ। ਦਿੱਲੀ ਕੂਚ ਦੌਰਾਨ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਬਠਿੰਡਾ ਦੇ ਪਿੰਡ ਬੱਲੋ ਦੇ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਬਰਸੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਉਹਨਾਂ ਦੇ ਪਿੰਡ ਸ਼ਰਧਾਂਜਲੀ ਸਮਾਗਮ ਕਰਕੇ ਮਨਾਈ ਜਾਵੇਗੀ।
ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਕਾਕਾ ਸਿੰਘ ਕੋਟੜਾ ਅਭਿਮਨਯੂ ਕੁਹਾੜ, ਸੁਖਜਿੰਦਰ ਸਿੰਘ ਖੋਸਾ, ਲਖਵਿੰਦਰ ਸਿੰਘ ਨਸੀਬ ਸਿੰਘ ਅਤੇ ਗੁਰਦਾਸ ਸਿੰਘ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਸਨ।