ਲੁਧਿਆਣਾ ਸ਼ਹਿਰ ਵਿੱਚ ਸੋਮਵਾਰ ਦੇਰ ਸ਼ਾਮ ਰੋਡਵੇਜ਼ ਬੱਸ ਚਾਲਕਾਂ ਨੇ ਜਗਰਾਉਂ ਸ਼ਹਿਰ ਵਿੱਚ ਲੁਧਿਆਣਾ-ਫ਼ਿਰੋਜ਼ਪੁਰ ਰੋਡ ਜਾਮ ਕਰ ਦਿੱਤਾ। ਦਰਅਸਲ ਲੁਧਿਆਣਾ ਦਿਹਾਤੀ ਵਿੱਚ ਤਾਇਨਾਤ ਇੱਕASI ਨੇ ਰੋਡਵੇਜ਼ ਦੇ ਬੱਸ ਡਰਾਈਵਰ ਨੂੰ ਥੱਪੜ ਮਾਰਿਆ ਸੀ। ਜਿਸ ਤੋਂ ਬਾਅਦ ਰੋਡਵੇਜ਼ ਕਰਮੀ ਭੜਕ ਗਏ ਤੇ ਉਨ੍ਹੇ ਰੋਡ ਜਾਮ ਕਰ ਦਿੱਤਾ। ਕਰੀਬ 1 ਘੰਟੇ ਤੱਕ ਸੜਕ ਜਾਮ ਰਹੀ। ਵਿਵਾਦ ਨੂੰ ਵਧਦਾ ਦੇਖ ਕੇ ਬੱਸ ਸਟੈਂਡ ਚੌਕੀ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ। ਰੋਡਵੇਜ਼ ਮੁਲਾਜ਼ਮਾਂ ਦੀ ਮੰਗ ਸੀ ਕਿ ਏਐਸਆਈ ਮੁਆਫ਼ੀ ਮੰਗੇ, ਤਾਂ ਹੀ ਜਾਮ ਖੋਲ੍ਹਿਆ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਬੱਸ ਸਟੈਂਡ ਨੇੜੇ ਚੌਕ ਕੋਲ ਰੋਡਵੇਜ਼ ਦੀ ਬੱਸ ਨੇ ਡਰਾਈਵਿੰਗ ਸਿੱਖ ਰਹੀ ਲੜਕੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਲੜਕੀ ਅਤੇ ਬੱਸ ਚਾਲਕ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਮਾਮਲਾ ਵਧਦਾ ਦੇਖ ਕੇ ਲੜਕੀ ਨੇ ਲੁਧਿਆਣਾ ਦਿਹਾਤੀ ‘ਚ ਤਾਇਨਾਤ ਆਪਣੇ ਪਿਤਾ ਏਐੱਸਆਈ ਨੂੰ ਮੌਕੇ ‘ਤੇ ਬੁਲਾਇਆ। ਕੁੜੀ ਦੇ ਪਿਤਾ ਨੇ ਮੌਕੇ ‘ਤੇ ਪਹੁੰਚ ਕੇ ਬੱਸ ਡਰਾਈਵਰ ਨੂੰ ਬੱਸ ‘ਚੋਂ ਬਾਹਰ ਕੱਢਿਆ ਅਤੇ ਥੱਪੜ ਮਾਰ ਦਿੱਤਾ। ਯੂਨੀਅਨ ਮੈਂਬਰਾਂ ਨੇ ਬੱਸ ਚਾਲਕ ਨੂੰ ਬੁਲਾ ਕੇ ਤਹਿਸੀਲ ਚੌਕ ਦੇ ਵਿਚਕਾਰ ਆਪਣੀ ਬੱਸ ਸੜਕ ’ਤੇ ਖੜ੍ਹੀ ਕਰਦੇ ਹੋਏ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਜਾਮ ਲਾ ਦਿੱਤਾ। ਮਾਹੌਲ ਵਿਗੜਦਾ ਦੇਖ ਕੇ ਏ.ਐਸ.ਆਈ ਪਰਮਜੀਤ ਸਿੰਘ ਵੱਲੋਂ ਲਿਖਤੀ ਮੁਆਫ਼ੀ ਮੰਗੀ ਗਈ, ਜਿਸ ਤੋਂ ਬਾਅਦ ਰੋਡਵੇਜ਼ ਮੁਲਾਜ਼ਮਾਂ ਨੇ ਸ਼ਾਂਤ ਹੋ ਕੇ ਲੁਧਿਆਣਾ ਫ਼ਿਰੋਜ਼ਪੁਰ ਮੁੱਖ ਮਾਰਗ ‘ਤੇ ਖੜ੍ਹੀ ਬੱਸ ਨੂੰ ਸਾਈਡ ‘ਤੇ ਮੋੜ ਕੇ ਜਾਮ ਖੁਲ੍ਹਵਾਇਆ।












