ਤਰਨਤਾਰਨ ਵਿੱਚ ਪੰਜਾਬ ਪੁਲਿਸ ਦੇ ਇੱਕ ASI ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ 4 ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਦੋ ਦੋਸ਼ੀ ਅਜੇ ਫਰਾਰ ਹਨ। ਪੁਲਿਸ ਨੇ ਲੁੱਟ-ਖੋਹ ਦੇ ਮਾਸਟਰ ਮਾਈਂਡ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਐਸਪੀ-ਡੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਲੁਟੇਰਾ ਗਿਰੋਹ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਅਵਤਾਰ ਸਿੰਘ ਉਰਫ ਸਾਹਿਲ ਸ਼ਮਸ਼ੇਰ ਸਿੰਘ, ਅੰਮ੍ਰਿਤਪਾਲ ਸਿੰਘ, ਰੁਪਿੰਦਰ ਸਿੰਘ ਅਤੇ ਅਕਾਸ਼ਦੀਪ ਸਿੰਘ ਮੋਟਾ ਵਾਸੀ ਨੂਰਦੀ ਅੱਡਾ, ਤਰਨਤਾਰਨ ਦੇ ਕਬਜ਼ੇ ’ਚੋਂ ਦੋ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਜਦੋਂਕਿ ਪਿੰਡ ਢੋਟੀਆਂ ਵਿਖੇ ਬੈਂਕ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਿੰਡ ਪੰਡੋਰੀ ਗੋਲਾ ਦੇ ਮਿੰਟੂ, ਅਜੈਦੇਵ ਅਤੇ ਚਰਨਜੀਤ ਸਿੰਘ ਅਜੇ ਤੱਕ ਫਰਾਰ ਹਨ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਫਰਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਲੁੱਟ ਦੌਰਾਨ ਮੁਲਜ਼ਮਾਂ ਵੱਲੋਂ ਗੋਲੀ ਚਲਾਏ ਜਾਣ ਕਰਕੇ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਜ਼ਖ਼ਮੀ ਹੋ ਗਿਆ, ਪਰ ਬੈਂਕ ਵਿੱਚ ਲੁੱਟ ਨਹੀਂ ਹੋਣ ਦਿੱਤੀ। ਐਸਪੀ ਇਨਵੈਸਟੀਗੇਸ਼ਨ ਵਿਸ਼ਾਲ ਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਮੁਲਜ਼ਮਾਂ ਦੀ ਪਛਾਣ ਲਈ ਛਾਪੇਮਾਰੀ ਕਰ ਰਹੀਆਂ ਹਨ।