ਦਿੱਲੀ- ਐਨਸੀਐਰ ਵਿੱਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਅਕਸਰ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਪਰ ਹੁਣ ਇਸ ਮਾਮਲੇ ਵਿੱਚ ਅਜਿਹੇ ਤੱਥ ਸਾਹਮਣੇ ਆਏ ਸਨ, ਜੋ ਇਸ ਧਾਰਨਾ ਨੂੰ ਗਲਤ ਸਾਬਿਤ ਕਰਦੇ ਹਨ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁਕਰਵਾਰ ਨੂੰ ਰਾਜਸਭਾ ਵਿੱਚ ਸਵਾਲਾਂ ਦੇ ਜਵਾਬ ਦਿੰਦਿਆਂ ਸਪਸ਼ਟ ਕੀਤਾ ਕਿ ਦਿੱਲੀ- ਐਨਸੀਐਰ ਵਿੱਚ ਪ੍ਰਦਰੁਸ਼ਣ ਦਾ ਕਾਰਨ ਸਿਰਫ ਪਰਾਲੀ ਅਤੇ ਕਿਸਾਨ ਨਹੀਂ ਹੈ।
ਜਦੋਂ ਵੀ ਦਿੱਲੀ ਵਿੱਚ ਪ੍ਰਦੂਸ਼ਣ ਵਧਦਾ ਹੈ ਤਾਂ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਪਰ ਹੁਣ ਵਿਗਿਆਨਿਕ ਰੂਪ ਵਿੱਚ ਸਾਬਤ ਹੋ ਚੁੱਕਾ ਹੈ ਕਿ ਸਰਦੀਆਂ ਵਿੱਚ ਵੀ ਦਿੱਲੀ-ਐਨਸੀਐਰ ਵਿੱਚ ਪ੍ਰਦੂਸ਼ਣ ਵਿੱਚ ਪਰਾਲੀ ਦਾ ਯੋਗਦਾਨ 5 ਫੀਸਦ ਤੋਂ ਜਿਆਦਾ ਨਹੀਂ ਹੈ।ਖੇਤੀਬਾੜੀ ਮੰਤਰੀ ਨੇ ਦੱਸਿਆ ਪ੍ਰਦੂਸ਼ਣ ਦਾ ਅਸਲੀ ਕਾਰਨ
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਪ੍ਰਦੂਸ਼ਣ ਉਦਯੋਗਿਕ ਇਕਾਈਆਂ ਤੇ ਵਾਹਨਾਂ ਤੋਂ ਨਿਕਲਣ ਵਾਲਾ ਧੁਆਂ ਹੀ ਇਸ ਦਾ ਕਾਰਨ ਹੈ। ਪਰ ਹਰ ਵਾਰ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਜਦੋਂ ਕਿ ਸਿਰਫ ਕਿਸਾਨ ਹੀ ਇਸ ਲਈ ਜ਼ਿੰਮੇਵਾਰ ਨਹੀਂ ਹਨ।
ਪਰਾਲੀ ਸਾੜਨ ਨਾਲ ਹੁੰਦਾ ਹੈ ਇਹ ਨੁਕਸਾਨ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪਰਾਲੀ ਸਾੜਨ ਦੇ ਨਾਲ ਮਿੱਤਰ ਕਿੱਟ, ਪੌਸ਼ਟਿਕ ਤੱਤ, ਜੈਵਿਕ ਕਾਰਬਨ ਨਸ਼ਟ ਹੋ ਜਾਂਦੇ ਹਨ, ਮਿੱਟੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ ਅਤੇ ਪ੍ਰਦੂਸ਼ਣ ਵੀ ਵਧਦਾ ਹੈ। ਇਸ ਲਈ ਸਰਕਾਰ ਨੇ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀਆਰਐਮ) ਯੋਜਨਾ ਤਹਿਤ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਾਂ ‘ਤੇ 50 ਫੀਸਦ ਤੋਂ 80 ਫੀਸਦ ਤੱਕ ਸਬਸਿਡੀ ਦਿੱਤੀ ਹੈ।
ਇਸ ਯੋਜਨਾ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਵਿੱਚ ਲਗਾਤਾਰ ਗਿਰਾਵਟ ਆਈ ਹੈ। ਸਰਕਾਰ ਹੁਣ ਪਰਾਲੀ ਨੂੰ ਬੋਝ ਤੋਂ ਵਰਦਾਨ ਵਿੱਚ ਬਦਲਣ ਲਈ ਕੰਮ ਕਰ ਰਹੀ ਹੈ। ਇਸ ਨੂੰ ਬਾਇਓ-ਸੀਐਨਜੀ, ਪੈਲੇਟ ਅਤੇ ਥਰਮਲ ਪਾਵਰ ਪਲਾਂਟਾਂ ਵਿੱਚ ਇੰਧਨ ਵਜੋਂ ਵਰਤ ਰਹੀ ਹੈ।












