ਪਰਵਿੰਦਰ ਸਿੰਘ ਝੋਟਾ ਦੇ ਇਨਸਾਫ ਮੋਰਚੇ ਦੇ ਵਿਚ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਹੁੰਚ ਕੇ ਪੰਜਾਬ ਸਰਕਾਰ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਕ ਝੋਟੇ ਨੂੰ ਮਾਰ ਕੇ ਦੂਸਰੇ ਝੋਟੇ ਦੇ ਇਨਸਾਫ ਦੀ ਸਰਕਾਰ ਤੋਂ ਕੀ ਉਮੀਦ ਰੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਹਰ ਰੋਜ਼ ਸਾਡੇ ਧੀਆਂ ਪੁੱਤਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਪਹਿਲਾਂ ਇਕ ਝੋਟੇ ਨੂੰ ਮਾਰ ਦਿੱਤਾ, ਉਸਦਾ ਇਨਸਾਫ ਨਹੀਂ ਮਿਲਿਆ ਤਾਂ ਹੁਣ ਦੂਸਰੇ ਝੋਟੇ ਦਾ ਇਨਸਾਫ ਕਿਵੇਂ ਮਿਲ ਸਕਦਾ ਹੈ। ਅਸੀਂ ਕੀ ਸਰਕਾਰ ਤੋਂ ਉਮੀਦ ਰੱਖ ਸਕਦੇ ਹਾਂ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੀ.ਬੀ.ਆਈ. ਜਾਂਚ ਕਰਵਾਉਣ ਦੇ ਦਿੱਤੇ ਟਵੀਟ ’ਤੇ ਬੋਲਦੇ ਹੋਏ ਕਿਹਾ ਕਿ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਨਸਾ ਆ ਰਹੇ ਹਨ ਤਾਂ ਉਸ ਤੋਂ ਪਹਿਲਾਂ ਮੁੱਖ ਮੰਤਰੀ ਸੀ.ਬੀ.ਆਈ. ਜਾਂਚ ਕਰਾਉਣ ਦੀ ਗੱਲ ਕਹਿ ਰਿਹਾ ਹੈ। ਇਸ ਤੋਂ ਪਹਿਲਾਂ ਇਕ ਹਫ਼ਤਾ ਬੀਤ ਚੁੱਕਿਆ ਹੈ। ਮੁੱਖ ਮੰਤਰੀ ਨੇ ਕਿਉਂ ਨਹੀਂ ਸੀ.ਬੀ.ਆਈ. ਜਾਂਚ ਕਰਵਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਡਰੱਗ ਮਾਫੀਆ ਦੇ ਪਿੱਛੇ ਹੋਰ ਕੌਣ ਲੋਕ ਹਨ, ਕਿਉਂਕਿ ਪਰਵਿੰਦਰ ਸਿੰਘ ਝੋਟੇ ਵਲੋਂ ਨਸ਼ੇ ਦੇ ਖਿਲਾਫ਼ ਆਵਾਜ਼ ਉਠਾਈ ਜਾਂਦੀ ਸੀ, ਇਸ ਪਿੱਛੇ ਰਾਜਨੀਤਕ ਲੋਕ ਨੇ ਜਾਂ ਕੋਈ ਹੋਰ ਹੈ ਤਾਂ ਇਸ ਦੀ ਵੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ’ਤੇ ਗੱਲ ਕਰਦੇ ਹੋਏ ਕਿਹਾ ਕਿ 2026 ਆ ਗਿਆ ਹੈ ਨਾ ਤਾਂ ਗੈਂਗਸਟਰਵਾਦ ਖ਼ਤਮ ਹੋਇਆ ਹੈ ਅਤੇ ਨਾ ਹੀ ਨਸ਼ਾ ਖਤਮ ਹੋਇਆ ਹੈ, ਕਿਉਂਕਿ ਅੱਜ ਵੀ ਨਸ਼ੇ ਦੇ ਕਾਰਨ ਸਾਡੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ।












