ਗੁਰਦਾਸਪੁਰ, 4 ਅਪ੍ਰੈਲ 2022 – ਅੱਜ ਮਿਤੀ 04 ਅਪ੍ਰੈਲ 2022 ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਸਖ਼ਤ ਤਾੜਨਾ ਕੀਤੀ ਹੈ ਕਿ ਬਿਜਲੀ ਯੰਤਰਾਂ ਦਾ ਸਹੀ ਉਪਯੋਗ ਨਾ ਕਰਨ ਨਾਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਦੀਆਂ ਦੁਖਦਾਈ ਘਟਨਾਵਾਂ ਦਿਨੋਂ-ਦਿਨ ਵਧ ਰਹੀਆਂ ਹਨ।
ਬੀਤੇ ਦਿਨੀਂ ਜਗਰਾਉਂ ਦੇ ਗੁਰਦੁਆਰਾ ਅਜੀਤਸਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਿਧੌਰ, ਮਜੌਲਾ ਜ਼ਿਲ੍ਹਾ ਪੀਲੀਭੀਤ (ਯੂ.ਪੀ) ਵਿਖੇ ਬਿਜਲੀ ਦਾ ਸ਼ਾਰਟ-ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ਹਨ, ਜੋ ਕਿ ਬਹੁਤ ਹੀ ਦੁਖਦਾਈ ਹੈ।
ਇਸ ਘਟਨਾ ਨਾਲ ਹਰ ਸਿੱਖ ਦੇ ਹਿਰਦੇ ਨੂੰ ਠੇਸ ਪਹੁੰਚੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਅਜਿਹੇ ਹਾਦਸੇ ਰੁਕ ਨਹੀਂ ਰਹੇ।ਜੇਕਰ ਹਰੇਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆਪਣੀ ਜਿੰਮੇਵਾਰੀ ਸੁਹਿਰਦਤਾ ਨਾਲ ਨਿਭਾਏ ਤਾਂ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।











