ਭਾਰਤ ਨੇ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ। ਟੀਮ ਨੇ ਸ਼ੁੱਕਰਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ 11 ਸਾਲ ਬਾਅਦ ਵਨਡੇ ਜਿੱਤਿਆ। ਇਸ ਜਿੱਤ ਨਾਲ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਵਨਡੇ 19 ਮਾਰਚ ਨੂੰ ਵਿਜਾਗ ‘ਚ ਖੇਡਿਆ ਜਾਵੇਗਾ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੰਗਾਰੂ ਟੀਮ 35.4 ਓਵਰਾਂ ‘ਚ 188 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ‘ਚ ਟੀਮ ਇੰਡੀਆ ਨੇ 39.5 ਓਵਰਾਂ ‘ਚ 5 ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਇਸ ਜਿੱਤ ਵਿੱਚ ਕੇਐਲ ਰਾਹੁਲ ਦੇ 13ਵੇਂ ਅਰਧ ਸੈਂਕੜੇ ਅਤੇ ਜਡੇਜਾ ਦੇ ਨਾਲ 108 ਦੌੜਾਂ ਦੀ ਅਜੇਤੂ ਸੈਂਕੜੇ ਵਾਲੀ ਸਾਂਝੇਦਾਰੀ ਦਾ ਅਹਿਮ ਯੋਗਦਾਨ ਰਿਹਾ। ਹਰਫ਼ਨਮੌਲਾ ਪ੍ਰਦਰਸ਼ਨ ਕਰਨ ਵਾਲੇ ਰਵਿੰਦਰ ਜਡੇਜਾ ਮੈਨ ਆਫ਼ ਦ ਮੈਚ ਰਹੇ। ਉਸ ਨੇ ਅਜੇਤੂ 45* ਦੌੜਾਂ ਬਣਾਈਆਂ। ਨੇ ਦੋ ਵਿਕਟਾਂ ਲਈਆਂ ਅਤੇ ਸ਼ਾਨਦਾਰ ਕੈਚ ਲਿਆ। 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦਾ ਟਾਪ ਆਰਡਰ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਇਕ ਸਮੇਂ ਟੀਮ ਨੇ 39 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇੱਥੇ ਈਸ਼ਾਨ ਕਿਸ਼ਨ 3, ਵਿਰਾਟ ਕੋਹਲੀ 4 ਅਤੇ ਸੂਰਿਆਕੁਮਾਰ ਯਾਦਵ 0 ਦੌੜਾਂ ਬਣਾ ਕੇ ਆਊਟ ਹੋਏ। ਅਜਿਹੇ ‘ਚ ਕੇ.ਐੱਲ.ਰਾਹੁਲ (ਅਜੇਤੂ 75), ਕਪਤਾਨ ਹਾਰਦਿਕ ਪੰਡਯਾ (25 ਦੌੜਾਂ) ਅਤੇ ਰਵਿੰਦਰ ਜਡੇਜਾ (ਅਜੇਤੂ 45 ਦੌੜਾਂ) ਟੀਮ ਨੂੰ ਅੱਗੇ ਵਧਾਉਣ ਲਈ ਮੱਧਕ੍ਰਮ ‘ਚ ਖੇਡਣ ਆਏ। ਰਾਹੁਲ ਨੇ ਪਹਿਲਾਂ ਪੰਡਯਾ ਨਾਲ 55 ਗੇਂਦਾਂ ‘ਤੇ 44 ਦੌੜਾਂ ਜੋੜੀਆਂ। ਫਿਰ ਜਡੇਜਾ ਦੇ ਨਾਲ 122 ਗੇਂਦਾਂ ‘ਤੇ 108* ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਬਾਕੀ ਬਚਿਆ ਕੰਮ ਪੂਰਾ ਕੀਤਾ।