ਏਸ਼ਿਆਈ ਚੈਂਪੀਅਨਜ਼ ਟਰਾਫੀ ਵਿਚ ਹਿੱਸਾ ਲੈ ਰਹੀ ਭਾਰਤੀ ਮਹਿਲਾ ਹਾਕੀ ਟੀਮ ਦੀ ਇਕ ਮੈਂਬਰ ਕਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਕਾਰਨ ਭਾਰਤੀ ਟੀਮ ਦਾ ਮੇਜ਼ਬਾਨ ਅਤੇ ਮੌਜੂਦਾ ਚੈਂਪੀਅਨ ਕੋਰੀਆ ਦੀ ਟੀਮ ਖ਼ਿਲਾਫ਼ ਅੱਜ ਦਾ ਮੈਚ ਰੱਦ ਕਰ ਦਿੱਤਾ ਗਿਆ ਹੈ। ਹਾਕੀ ਇੰਡੀਆ ਦੇ ਇਕ ਸੂਤਰ ਨੇ ਪੁਸ਼ਟੀ ਕੀਤੀ ਕਿ ਇਕ ਖਿਡਾਰਨ ਦਾ ਟੈਸਟ ਨਤੀਜਾ ਪਾਜ਼ੇਟਿਵ ਆਇਆ ਹੈ ਜਿਸ ਤੋਂ ਬਾਅਦ ਏਸ਼ਿਆਈ ਹਾਕੀ ਮਹਾਸੰਘ (ਏਐੱਚਐੱਫ) ਨੇ ਆਪਣੇ ਟਵਿੱਟਰ ਹੈਂਡਲ ‘ਤੇ ਬਿਆਨ ਜਾਰੀ ਕੀਤਾ ਪਰ ਸਬੰਧਤ ਖਿਡਾਰਨ ਦੀ ਜਾਣਕਾਰੀ ਨਹੀਂ ਦਿੱਤੀ। ਏਐੱਚਐੱਫ ਨੇ ਟਵੀਟ ਕੀਤਾ ਕਿ ਏਸ਼ਿਆਈ ਹਾਕੀ ਮਹਾਸੰਘ ਨੂੰ ਇਹ ਸੂਚਨਾ ਦਿੰਦੇ ਹੋਏ ਦੁੱਖ ਹੈ ਕਿ ਟੀਮ ਇੰਡੀਆ ਦੇ ਰੈਗੂਲਰ ਕੋਵਿਡ ਟੈਸਟ ਦੌਰਾਨ ਮੰਗਲਵਾਰ ਨੂੰ ਇਕ ਨਤੀਜਾ ਪਾਜ਼ੇਟਿਵ ਆਇਆ ਹੈ।
ਏਐੱਚਐੱਚ ਦੇ ਬਿਆਨ ਵਿੱਚ ਭਾਰਤ ਦੀ ਇਸ ਟੂਰਨਾਮੈਂਟ ਵਿੱਚ ਅੱੱਗੇ ਖੇਡਣ ਸਬੰਧੀ ਸਥਿਤੀ ਸਪੱਸ਼ਟ ਕੀਤੇ ਜਾਣ ਦੀ ਵੀ ਉਮੀਦ ਹੈ। ਸੂਤਰ ਨੇ ਦੱਸਿਆ, ‘‘ਹਾਂ, ਇੱਕ ਖਿਡਾਰਨ ਕਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਕਰਕੇ ਕੋਰੀਆ ਖ਼ਿਲਾਫ਼ ਅੱਜ ਦਾ ਮੈਚ ਰੱਦ ਕਰ ਦਿੱਤਾ ਗਿਆ ਹੈ। ਏਐੱਚਐੱਫ ਇਸ ਮਾਮਲੇ ਸਬੰਧੀ ਤਫਸੀਲ ਵਿੱਚ ਜਾਣਕਾਰੀ ਦੇਵੇਗੀ।’’ਪਾਜ਼ੇਵਿਟ ਨਤੀਜੇ ਤੋਂ ਬਾਅਦ ਹਾਲਾਂਕਿ ਟੂਰਨਾਮੈਂਟ ਵਿਚ ਭਾਰਤ ਦੇ ਬਾਕੀ ਬਚੇ ਮੈਚਾਂ ਨੂੰ ਲੈ ਕੇ ਅਜੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਹੈ। ਭਾਰਤ ਨੇ ਆਪਣੇ ਅਗਲੇ ਮੈਚ ਵਿਚ ਵੀਰਵਾਰ ਨੂੰ ਚੀਨ ਨਾਲ ਭਿੜਨਾ ਹੈ।ਮਲੇਸ਼ੀਆ ਨੂੰ ਚੈਂਪੀਅਨਸ਼ਿਪ ਦੇ ਘੱਟੋ-ਘੱਟ ਪਹਿਲੇ ਦੋ ਦਿਨ ਬਾਹਰ ਰਹਿਣਾ ਪਿਆ ਕਿਉਂਕਿ ਉਸ ਦੀ ਇਕ ਖਿਡਾਰਨ ਨੂਰੁਲ ਫੈਜਾਹ ਸ਼ਫੀਕਾਹ ਖਲੀਮ ਦਾ ਦੱਖਣੀ ਕੋਰੀਆ ਪੁੱਜਣ ‘ਤੇ ਕੀਤਾ ਗਿਆ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਸੀ।