ਵਿਨੇਸ਼ ਫੋਗਾਟ ਨੂੰ ਓਲੰਪਿਕ ਵਿੱਚ ਅਯੋਗ ਕਰਾਰ ਦਿੱਤੇ ਜਾਣ ਤੋਂ ਮਗਰੋਂ ਪੰਜਾਬ ਦੇ ਖੇਡ ਜਗਤ ਦੇ ਉੱਘੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ ‘ਖ਼ੇਡ ਰਤਨ ਪੁਰਸਕਾਰ’ ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ ਕੀਤਾ ਹੈ। ਪ੍ਰਿੰਸੀਪਲ ਸਰਵਣ ਸਿੰਘ ਨੂੰ ਪੰਜਾਬੀ ਖੇਡ ਪੱਤਰਕਾਰੀ ਦੇ ਮੋਢੀ ਤੇ ਸਿਰਮੌਰ ਖੇਡ ਲੇਖਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਈ ਲੋਕ ਖੇਡ ਸਾਹਿਤ ਦਾ ‘ਬਾਬਾ ਬੋਹੜ’ ਵੀ ਕਹਿੰਦੇ ਹਨ।
ਪੈਰਿਸ ਓਲੰਪਿਕਸ ਦੇ ਫਾਈਨਲ ਮੁਕਾਬਲੇ ਵਾਲੇ ਦਿਨ ਸਵੇਰੇ ਵਿਨੇਸ਼ ਫੋਗਾਟ ਨੂੰ ਭਾਰ ਜ਼ਿਆਦਾ ਹੋਣ ਕਰ ਕੇ ਖੇਡਣ ਵਿੱਚ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸਾਰੇ ਪਾਸੇ ਵਿਨੇਸ਼ ਫੋਗਾਟ ਲਈ ਹਮਦਰਦੀ ਦੀ ਭਾਵਨਾ ਜ਼ਾਹਿਰ ਕਰ ਰਹੇ ਸਨ। ਇਸ ਵਿਚਾਲੇ ਕੈਨੇਡਾ ਰਹਿੰਦੇ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੇ ‘ਖੇਡ ਰਤਨ’ ਨੂੰ ਜਿਸ ਵਿੱਚ ਸਵਾ ਦੋ ਤੋਲੇ ਦਾ ਗੋਲਡ ਮੈਡਲ ਵੀ ਸ਼ਾਮਲ ਹੈ, ਵਿਨੇਸ਼ ਫੋਗਾਟ ਨੂੰ ਦੇਣ ਦਾ ਐਲਾਨ ਕੀਤਾ ਹੈ।












