ਬੰਗਲਾਦੇਸ਼ ‘ਚ ਹਿੰਸਾ ਦੌਰਾਨ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਸੰਸਦ ਨੂੰ ਭੰਗ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਬੰਗਲਾਦੇਸ਼ ‘ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦੁਪਹਿਰ 3 ਵਜੇ ਤੱਕ ਸੰਸਦ ਨੂੰ ਭੰਗ ਕਰਨ ਦਾ ਅਲਟੀਮੇਟਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਅੰਤਰਿਮ ਸਰਕਾਰ ਲਈ ਨਾਵਾਂ ਦਾ ਪ੍ਰਸਤਾਵ ਕਰਨਗੇ।
ਦੂਜੇ ਪਾਸੇ ਭਾਰਤ ਸਰਕਾਰ ਨੇ ਮੰਗਲਵਾਰ ਸਵੇਰੇ 10 ਵਜੇ ਸਰਬ ਪਾਰਟੀ ਮੀਟਿੰਗ ਰੱਖੀ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ, “ਸ਼ੇਖ ਹਸੀਨਾ ਸਦਮੇ ‘ਚ ਹੈ। ਸਰਕਾਰ ਉਨ੍ਹਾਂ ਨੂੰ ਗੱਲ ਕਰਨ ਤੋਂ ਪਹਿਲਾਂ ਕੁਝ ਸਮਾਂ ਦੇ ਰਹੀ ਹੈ। ਉਹ ਆਪਣੇ ਭਵਿੱਖ ਬਾਰੇ ਖੁਦ ਫੈਸਲਾ ਕਰੇਗੀ।”
ਵਿਦੇਸ਼ ਮੰਤਰੀ ਨੇ ਕਿਹਾ, “ਉੱਥੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਚਿੰਤਾ ਦਾ ਵਿਸ਼ਾ ਹੈ।” ਇਸ ਤੋਂ ਬਾਅਦ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਸੋਮਵਾਰ ਨੂੰ ਹਸੀਨਾ ਨੇ ਬਹੁਤ ਘੱਟ ਸਮੇਂ ‘ਚ ਭਾਰਤ ਆਉਣ ਦੀ ਅਪੀਲ ਕੀਤੀ ਸੀ। ਉਹ ਸੋਮਵਾਰ ਸ਼ਾਮ ਨੂੰ ਦਿੱਲੀ ਪਹੁੰਚੀ।
ਦਰਅਸਲ ਹਸੀਨਾ ਖਿਲਾਫ ਦੋ ਮਹੀਨੇ ਤੱਕ ਚੱਲੇ ਪ੍ਰਦਰਸ਼ਨ ਦੌਰਾਨ ਸੋਮਵਾਰ ਨੂੰ ਕਾਫੀ ਹਿੰਸਾ ਹੋਈ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹਸੀਨਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹ ਢਾਕਾ ਤੋਂ ਅਗਰਤਲਾ ਰਾਹੀਂ ਭਾਰਤ ਪਹੁੰਚੀ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਹਿੰਡਨ ਏਅਰਬੇਸ ‘ਤੇ ਉਨ੍ਹਾਂ ਨਾਲ ਕਰੀਬ ਇਕ ਘੰਟੇ ਤੱਕ ਗੱਲਬਾਤ ਕੀਤੀ। ਹਸੀਨਾ ਲੰਡਨ ਜਾਂ ਫਿਨਲੈਂਡ ਜਾ ਸਕਦੀ ਹੈ।












