ਪੰਜਾਬ ਦੇ ਖਰੜ ਵਿਧਾਨਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ ਸਮੇਤ ਹੋਰ ਚਾਰ ਨੇਤਾਵਾਂ ਖਿਲਾਫ ਚੰਡੀਗੜ੍ਹ ਦੀ ਜ਼ਿਲ੍ਹਾ ਕੋਰਟ ‘ਚ ਕੇਸ ਚੱਲੇਗਾ। ਇਹ ਮਾਮਲਾ ਚੰਡੀਗੜ੍ਹ ਪੁਲਿਸ ਨਾਲ ਝੜਪ ਨਾਲ ਜੁੜਿਆ ਹੋਇਆ ਹੈ। ਸ਼ਨੀਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਨੇ ਵਿਧਾਇਕ ਸਮੇਤ ਹੋਰ ਦੋਸ਼ੀਆਂ ‘ਤੇ IPC ਦੀ ਧਾਰਾ 188, 323, 332, 353 ਅਧੀਨ ਦੋਸ਼ ਤਹਿ ਕਰ ਦਿੱਤੇ ਹਨ। ਦੋਸ਼ ਤਹਿ ਹੋਣ ਤੋਂ ਬਾਅਦ ਹੁਣ ਦੋਸ਼ੀਆਂ ਖ਼ਿਲਾਫ਼ ਕੋਰਟ ‘ਚ ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਵੇਗੀ।
ਇਹ ਸੀ ਸਾਰਾ ਮਾਮਲੇ
29 ਅਗਸਤ 2021 ਨੂੰ ਆਮ ਆਦਮੀ ਪਾਰਟੀ ਦੇ ਕਈ ਕਾਰਕੁਨ ਚੰਡੀਗੜ੍ਹ ਦੇ ਸੈਕਟਰ-37 ਵਿੱਚ ਸਥਿਤ ਪੰਜਾਬ BJP ਦਫ਼ਤਰ ਦੇ ਬਾਹਰ ਇਕੱਠੇ ਹੋਏ ਸਨ। ਉਨ੍ਹਾਂ ਨੇ BJP ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕ ਲਿਆ ਸੀ। ਇਸ ਦੌਰਾਨ ਆਪ ਨੇਤਾਵਾਂ ਤੇ ਕਾਰਕੁਨਾਂ ਦੀ ਪੁਲਿਸ ਨਾਲ ਬੈਰੀਕੇਡ ਪਾਰ ਕਰਨ ਨੂੰ ਲੈ ਕੇ ਝੜਪ ਹੋ ਗਈ ਸੀ। ਇਸ ਝੜਪ ਵਿੱਚ ਕਈ ਪੁਲਿਸਕਰਮੀ ਜ਼ਖ਼ਮੀ ਹੋ ਗਏ ਸਨ।
ਇਸ ਘਟਨਾ ਦੇ ਮੱਦੇਨਜ਼ਰ ਸੈਕਟਰ-39 ਥਾਣੇ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਨੇਤਾਵਾਂ-ਅਨਮੋਲ ਗਗਨ ਮਾਨ, ਸੰਨੀ ਆਹਲੂਵਾਲੀਆ, ਅਰਸ਼ਦੀਪ ਸਿੰਘ ਅਤੇ ਰਾਜਵਿੰਦਰ ਕੌਰ ਗਿੱਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਪਿਛਲੇ ਸਾਲ ਇਨ੍ਹਾਂ ਚਾਰਾਂ ਨੇਤਾਵਾਂ ਖ਼ਿਲਾਫ਼ ਚਾਰਜਸ਼ੀਟ ਫ਼ਾਇਲ ਕੀਤੀ ਸੀ। ਇਸੇ ਕੇਸ ਵਿੱਚ ਪਿਛਲੇ ਮਹੀਨੇ ਕੋਰਟ ਨੇ ਅਨਮੋਲ ਗਗਨ ਦੀ ਜਮਾਨਤ ਰੱਦ ਕਰਦਿਆਂ ਉਸ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਕਿਉਂਕਿ ਉਹ ਇੱਕ ਵੀ ਵਾਰ ਕੋਰਟ ਪੇਸ਼ ਨਹੀਂ ਹੋਈ ਸੀ। ਗੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਕੁਝ ਦਿਨ ਪਹਿਲਾਂ ਹੋਈ ਸੁਣਵਾਈ ਵਿੱਚ ਵਿਧਾਇਕਾ ਕੋਰਟ ਪਹੁੰਚੀ ਸੀ ਜਿਸ ਤੋਂ ਬਾਅਦ ਹੁਣ ਕੋਰਟ ਨੇ ਸੁਣਵਾਈ ਕਰਦੇ ਹੋਏ ਦੋਸ਼ੀਆਂ ‘ਤੇ ਦੋਸ਼ ਤਹਿ ਕਰ ਦਿੱਤੇ ਹਨ।