ਹਾਲ ਹੀ ‘ਚ ਇਕ ਵਾਰ ਫਿਰ ਇੰਡਸਟਰੀ ਦੇ ‘ਪਠਾਨ’ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਦੀ ਮਦਦ ਕਰਨ ‘ਚ ਪਿੱਛੇ ਨਹੀਂ ਹਨ। ਦਰਅਸਲ, ਕਿੰਗ ਖਾਨ ਦੀ ਐਨਜੀਓ ਮੀਰ ਫਾਊਂਡੇਸ਼ਨ ਨਵੇਂ ਸਾਲ ਦੀ ਸਵੇਰ ਦਿੱਲੀ ਵਿੱਚ ਆਪਣੀ ਜਾਨ ਗੁਆਉਣ ਵਾਲੀ 20 ਸਾਲਾ ਲੜਕੀ ਅੰਜਲੀ ਸਿੰਘ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਈ ਹੈ। ਦਿੱਲੀ ਵਿੱਚ ਵਾਪਰੀ ਇਸ ਦਰਦਨਾਕ ਘਟਨਾ ਵਿੱਚ ਅੰਜਲੀ ਨੂੰ ਕਈ ਕਿਲੋਮੀਟਰ ਤੱਕ ਕਾਰ ਹੇਠਾਂ ਘਸੀਟਿਆ ਗਿਆ। ਨਵੇਂ ਸਾਲ ‘ਤੇ ਜਿੱਥੇ ਹਰ ਕੋਈ ਖੁੱਲ੍ਹੇ ਦਿਲ ਨਾਲ 2023 ਦਾ ਸਵਾਗਤ ਕਰ ਰਿਹਾ ਸੀ, ਉੱਥੇ ਹੀ ਦਿੱਲੀ ਦੀ ਸੜਕ ‘ਤੇ ਅੰਜਲੀ ਨਾਂ ਦੀ ਲੜਕੀ ਆਪਣੀ ਜਾਨ ਤੋਂ ਹੱਥ ਧੋ ਰਹੀ ਸੀ ।
ਅੰਜਲੀ ਸਿੰਘ ਨਾਲ ਵਾਪਰੀ ਇਸ ਭਿਆਨਕ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਸਭ ਤੋਂ ਵੱਡਾ ਦੁੱਖ ਉਸ ਦੇ ਪਰਿਵਾਰ ਨੂੰ ਪਹੁੰਚਿਆ ਹੈ। ਅੰਜਲੀ ਦੇ ਪਰਿਵਾਰ ਨੇ ਆਪਣੀ ਇਕ ਬੇਟੀ ਨੂੰ ਗੁਆ ਦਿੱਤਾ ਹੈ, ਜੋ ਆਪਣਾ ਘਰ ਚਲਾ ਰਹੀ ਸੀ। ਅਜਿਹੇ ‘ਚ ਅੰਜਲੀ ਦੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਸ਼ਾਹਰੁਖ ਖਾਨ ਦੀ ਫਾਊਂਡੇਸ਼ਨ ਸਮੇਤ ਕਈ ਹੋਰ ਸੰਸਥਾਵਾਂ ਨੇ ਵੀ ਪੈਸਾ ਦਾਨ ਕੀਤਾ ਹੈ। ਇਸ ਦਾ ਖੁਲਾਸਾ ਕਰਦੇ ਹੋਏ ਦਿੱਲੀ ਦੇ ਇਕ ਸੂਤਰ ਨੇ ਕਿਹਾ, ‘ਸ਼ਾਹਰੁਖ ਖਾਨ ਦੀ ਮੀਰ ਫਾਊਂਡੇਸ਼ਨ ਨੇ ਅੰਜਲੀ ਸਿੰਘ ਦੇ ਪਰਿਵਾਰ ਨੂੰ ਅਣਦੱਸੀ ਰਕਮ ਦਾਨ ਕੀਤੀ ਹੈ। ਅੰਜਲੀ ਪਰਿਵਾਰ ਦੀ ਇਕਲੌਤੀ ਕਮਾਉਣ ਵਾਲੀ ਸੀ ਜਿਸ ਵਿੱਚ ਉਸਦੀ ਮਾਂ ਅਤੇ ਭੈਣ-ਭਰਾ ਸ਼ਾਮਲ ਹਨ। ਮੀਰ ਫਾਊਂਡੇਸ਼ਨ ਵੱਲੋਂ ਸਹਾਇਤਾ ਦਾ ਮਕਸਦ ਪਰਿਵਾਰ ਦੀ ਮਦਦ ਕਰਨਾ ਹੈ। ਦਾਨ ਦੀ ਰਕਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।












