ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ 25 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। ਪਹਿਲੇ ਹੀ ਦਿਨ ਇਸ ਫਿਲਮ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਸੀ। ਫਿਲਮ ਦੀ ਪਹਿਲੇ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆ ਗਏ ਹਨ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਦੱਸਿਆ ਕਿ ‘ਪਠਾਨ’ ਨੇ ਨੈਸ਼ਨਲ ਚੇਨਜ਼ ਥੀਏਟਰਾਂ ‘ਚ ਰਾਤ 8.15 ਵਜੇ ਤੱਕ 25 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਤਰ੍ਹਾਂ ਫਿਲਮ ਪਠਾਨ ਨੇ ‘ਵਾਰ’, ‘ਠਗਸ ਆਫ ਹਿੰਦੋਸਤਾਨ’ ਅਤੇ ‘ਕੇਜੀਐਫ’ ਦੇ ਓਪਨਿੰਗ ਡੇ ਕਲੈਕਸ਼ਨ ਦੇ ਰਿਕਾਰਡ ਤੋੜ ਦਿੱਤੇ ਹਨ। ਤਰਨ ਆਦਰਸ਼ ਨੇ ਟਵੀਟ ਕੀਤਾ ਕਿ ਸ਼ਾਹਰੁਖ ਖਾਨ ਦੀ ‘ਪਠਾਨ’ ਨੇ PVR ਤੋਂ 11.40 ਕਰੋੜ, INOX ਤੋਂ 8.75 ਕਰੋੜ, ਸਿਨੇਪੋਲਿਸ ਤੋਂ 4.90 ਕਰੋੜ ਰੁਪਏ ਇਕੱਠੇ ਕੀਤੇ ਹਨ।
ਇਸ ਤਰ੍ਹਾਂ ‘ਪਠਾਨ’ ਇਨ੍ਹਾਂ ਰਾਸ਼ਟਰੀ ਥੀਏਟਰ ਚੇਨਾਂ ਤੋਂ ਹੁਣ ਤੱਕ 25.05 ਕਰੋੜ ਰੁਪਏ ਕਮਾ ਚੁੱਕੀ ਹੈ। ਫਿਲਮ ਦੇ ਕਲੈਕਸ਼ਨ ਦੇ ਇਹ ਅੰਕੜੇ ਰਾਤ 8.15 ਵਜੇ ਤੱਕ ਦੇ ਹਨ। ਟ੍ਰੇਡ ਐਨਾਲਿਸਟ ਨੇ ਇਹ ਵੀ ਦੱਸਿਆ ਕਿ ‘ਵਾਰ’ ਨੇ ਪਹਿਲੇ ਦਿਨ 19.67 ਕਰੋੜ, ‘ਠਗਸ ਆਫ ਹਿੰਦੋਸਤਾਨ’ ਨੇ 18 ਕਰੋੜ ਅਤੇ ‘ਕੇਜੀਐਫ’ ਨੇ 22.15 ਕਰੋੜ ਰੁਪਏ ਇਕੱਠੇ ਕੀਤੇ ਹਨ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ‘ਪਠਾਨ’ ਨੇ ਪਹਿਲੇ ਦਿਨ ਹੀ ਇਨ੍ਹਾਂ ਫਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ। ਦੱਸਣਯੋਗ ਹੈ ਕਿ ‘ਪਠਾਨ’ ‘ਚ ਸ਼ਾਹਰੁਖ ਖਾਨ ਤੋਂ ਇਲਾਵਾ ਦੀਪਿਕਾ ਪਾਦੂਕੋਣ, ਜਾਨ ਅਬ੍ਰਾਹਮ, ਆਸ਼ੂਤੋਸ਼ ਰਾਣਾ ਅਤੇ ਡਿੰਪਲ ਕਪਾਡੀਆ ਵਰਗੇ ਸਿਤਾਰੇ ਕੰਮ ਕਰ ਚੁੱਕੇ ਹਨ। ਸ਼ਾਹਰੁਖ ਖਾਨ ਦੀ ਰਾਅ ਏਜੰਟ ਦੀ ਭੂਮਿਕਾ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਫਿਲਮ ‘ਚ ਜਾਨ ਅਬ੍ਰਾਹਮ ਨੇ ਵਿਲੇਨ ਦੀ ਭੂਮਿਕਾ ਨਿਭਾਈ ਹੈ।










