ਹਰਮੀਤ ਸਿੰਘ ਕਾਲਕਾ ਵੱਲੋਂ ਕੀਤੀ ਗਈ ਮੀਟਿੰਗ ਗੈਰ ਕਾਨੂੰਨੀ : ਜਗਦੀਪ ਸਿੰਘ ਕਾਹਲੋਂ
ਨਵੀਂ ਦਿੱਲੀ, 2 ਜਨਵਰੀ 2022 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਕੋਲ ਕਿਸੇ ਵੀ ਅਹੁਦੇਦਾਰ ਨੂੰ ਹਟਾਉਣ ਜਾਂ ਨਿਯੁਕਤ ਕਰਨ ਦਾ ਅਧਿਕਾਰ ਨਹੀਂ ਹੈ ਤੇ ਮੌਜੂਦਾ ਅੰਤਰਿਮ ਕਮੇਟੀ ਦੀ ਮਿਆਦ 29.9.21 ਤੱਕ ਹੀ ਸੀ। ਇਹ ਪ੍ਰਗਟਾਵਾ ਡਾਇਰੈਕਟਰ ਗੁਰਦੁਆਰਾ ਚੋਣਾਂ ਨੇ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਅੰਤਰਿਮ ਕਮੇਟੀ ਮੈਂਬਰ, ਐਮ ਪੀ ਸਿੰਘ ਚੱਢਾ, ਕੁਲਦੀਪ ਸਿੰਘ ਸਾਹਨੀ, ਪਰਮਜੀਤ ਸਿੰਘ ਚੰਢੋਕ ਤੇ ਹੋਰਨਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਅਸੀਂ ਡਾਇਰੈਕਟਰ ਗੁਰਦੁਆਰਾ ਚੋਣਾਂ ਤੋਂ ਦੋ ਤਿੰਨ ਪਹਿਲੂਆਂ ‘ਤੇ ਸਪਸ਼ਟੀਕਰਨ ਮੰਗਿਆ ਸੀ ਜਿਸਦਾ ਜਵਾਬ ਡਾਇਰੈਕਟਰ ਵੱਲੋਂ ਕੱਲ੍ਹ 31 ਦਸੰਬਰ ਨੁੰ ਅਤੇ ਅੱਜ 1 ਜਨਵਰੀ ਨੁੰ ਈ ਮੇਲ ਰਾਹੀਂ ਦਿੱਤਾ ਗਿਆ ਹੈ। ਡਾਇਰੈਕਟਰ ਨੇ ਆਪਣੇ ਜਵਾਬ ਵਿਚ ਸਪਸ਼ਟ ਕੀਤਾ ਹੈ ਕਿ ਮੌਜੂਦਾ ਅੰਤਰਿਮ ਕਮੇਟੀ ਦਾ ਕਾਰਜਕਾਰੀ ਸਿਰਫ 29.9.21 ਤੱਕ ਸੀ ਅਤੇ ਇਸ ਵਿਚ ਵਾਧੇ ਦੀ ਫਾਈਲ ਉਪ ਰਾਜਪਾਲ ਕੋਲ ਪਈ ਹੈ।
ਉਹਨਾਂ ਦੱਸਿਆ ਕਿ ਡਾਇਰੈਕਟਰ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਮੌਜੂਦਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ਤਾਂ ਇਸਨੁੰ ਅੰਤਰਿਮ ਕਮੇਟੀ ਵੱਲੋਂ ਪ੍ਰਵਾਨ ਕਰਨ ਦਾ ਸਵਾਲ ਹੀ ਨਹੀਂ ਉਠਦਾ। ਇਹ ਵੀ ਸਪਸ਼ਟ ਕੀਤਾ ਹੈ ਕਿ ਅੰਤਰਿਮ ਕਮੇਟੀ ਕੋਲ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ ਕਿਉਂਕਿ ਇਸਦਾ ਕਾਰਜਕਾਲ ਖਤਮ ਹੋ ਚੁੱਕਾ ਹੈ।
ਉਹਨਾਂ ਦੱਸਿਆ ਕਿ ਡਾਇਰੈਕਟਰ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਅਹੁਦੇਦਾਰ ਨੂੰ ਹਟਾਉਣ ਦਾ ਅਧਿਕਾਰ ਸਿਰਫ ਕਮੇਟੀ ਦੇ ਜਨਰਲ ਹਾਊਸ ਕੋਲ ਹੈ ਅਤੇ ਕਿਸੇ ਨੁੰ ਵੀ ਹਟਾਉਣ ਲਈ ਕਮੇਟੀ ਦੇ ਜਨਰਲ ਹਾਊਸ ਵੱਲੋਂ ਤਿੰਨ ਚੌਥਾਈ ਬਹੁਮਤ ਨਾਲ ਮਤਾ ਪਾਸ ਕੀਤਾ ਜਾਣਾ ਜ਼ਰੂਰੀ ਹੈ। ਉਹਨਾਂ ਇਹ ਵੀ ਦੱਸਿਆ ਕਿ ਅੱਜ ਜਦੋਂ ਕਾਨਫਰੰਸ ਹਾਲ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਨੁੰ ਇਹ ਦੱਸਿਆ ਗਿਆ ਕਿ ਡਾਇਰੈਕਟਰ ਗੁਰਦੁਆਰਾ ਚੋਣਾਂ ਕੋਲੋਂ ਇਹ ਹਦਾਇਤ ਪ੍ਰਾਪਤ ਹੋਈ ਹੈ ਕਿ ਅੰਤਰਿਮ ਕਮੇਟੀ ਕੋਲ ਅਹੁਦੇਦਾਰ ਦੇ ਅਸਤੀਫੇ ਬਾਰੇ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ ਤਾਂ ਸਰਦਾਰ ਹਰਮੀਤ ਸਿੰਘ ਕਾਲਕਾ ਕਾਨਫਰੰਸ ਹਾਲ ਵਿਚ ਮੀਟਿੰਗ ਵਿਚੋਂ ਉਠ ਕੇ ਚਲੇ ਗਏ।
ਇਹਨਾਂ ਆਗੂਆਂ ਨੇ ਦੱਸਿਆ ਕਿ ਅੱਜ ਜੋ ਮੀਟਿੰਗ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਕੀਤੀ ਗਈ ਹੈ, ਉਹ ਪੂਰੀ ਤਰ੍ਹਾਂ ਗੈਰ ਕਾਨੁੰਨੀ ਹੈ। ਉਹਨਾਂ ਦੱਸਿਆ ਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਹੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਨ ਅਤੇ ਅਗਲੇ ਜਨਰਲ ਹਾਊਸ ਦੇ 20 ਜਨਵਰੀ ਨੁੰ ਜਾਂ ਜਦੋਂ ਤੱਕ ਨਵੇਂ ਜਨਰਲ ਹਾਊਸ ਦਾ ਗਠਨ ਨਹੀਂ ਹੋ ਜਾਂਦਾ, ਉਦੋਂ ਤੱਕ ਉਹੀ ਪ੍ਰਧਾਨ ਵਜੋਂ ਕੰਮ ਕਰਦੇ ਰਹਿਣਗੇ।
ਇਸ ਦੌਰਾਨ ਹੀ ਕਮੇਟੀ ਦੇ ਜਨਰਲ ਮੈਨੇਜਰ ਸਰਦਾਰ ਧਰਮਿੰਦਰ ਸਿੰਘ ਨੇ ਇਕ ਸਰਕੁਲਰ ਰਾਹੀਂ ਕਮੇਟੀ ਦੇ ਅੰਤਰਿਮ ਕਮੇਟੀ ਮੈਂਬਰਾਂ ਨੁੰ ਸੂਚਿਤ ਕੀਤਾ ਹੈ ਕਿ ਡਾਇਰੈਕਟਰ ਗੁਰਦੁਆਰਾ ਚੋਣਾਂ ਵੱਲੋਂ ਮਿਲੇ ਸੰਦੇਸ਼ ਨੂੰ ਵੇਖਦਿਆਂ ਅੱਜ 1 ਜਨਵਰੀ ਨੁੰ ਹੋਣ ਵਾਲੀ ਅੰਤਰਿਮ ਕਮੇਟੀ ਦੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ।












