ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਨਸ਼ੇ ਦੀ ਵਿਕਰੀ ਦੀ ਰੋਕਥਾਮ ਦੇ ਨਾਲ ਨਾਲ ਨਸ਼ੇੜੀਆਂ ਨੂੰ ਸੁਧਾਰਨ ਲਈ ਵੀ ਇੱਕ ਨਵਾਂ ਸ਼ਲਾਘਾ ਯੋਗ ਕਦਮ ਚੁੱਕਿਆ ਹੈ। ਨਸ਼ੇੜੀਆਂ ਤੇ ਮਾਮਲਾ ਦਰਜ ਕਰਨ ਦੀ ਬਜਾਏ ਉਹਨਾਂ ਨੂੰ ਫੜ ਫੜ ਕੇ ਨਸ਼ਾ ਛੁੜਾਓ ਕੇਂਦਰ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਲਈ ਨਸ਼ੇ ਦੇ ਆਦੀ ਨੌਜਵਾਨਾਂ ਦੀ ਹੀ ਨਹੀਂ ਉਹਨਾਂ ਦੇ ਮਾਂ ਬਾਪ ਦੀ ਵੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਜੇ ਬੱਚੇ ਦੀ ਜ਼ਿੰਦਗੀ ਚਾਹੁੰਦੇ ਹੋ ਤਾਂ ਇਹਨਾਂ ਦਾ ਨਸ਼ਾ ਛੁਡਾਉਣ ਵਿੱਚ ਪੁਲਿਸ ਦਾ ਸਹਿਯੋਗ ਕਰੋ।
ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ ਐਸ ਐਚ ਓ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਥਾਣਾ ਸਿਟੀ ਗੁਰਦਾਸਪੁਰ ਵੱਲੋਂ ਰੈਡ ਕਰਾਸ ਨਸ਼ਾ ਛੁੜਾਓ ਕੇਂਦਰ ਗੁਰਦਾਸਪੁਰ ਵਿੱਚ ਨਸ਼ੇ ਦੇ ਆਦੀ ਪੰਜ ਨੌਜਵਾਨਾਂ ਨੂੰ ਦਾਖਿਲ ਕਰਵਾਇਆ ਗਿਆ ਸੀ ਅਤੇ ਅੱਜ ਵੀ ਛੇ ਹੋਰ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਇੱਥੇ ਦਾਖਲ ਕਰਵਾਇਆ ਗਿਆ ਹੈ । ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਕੁਝ ਉਹ ਨੌਜਵਾਨ ਹਨ ਜਿਨਾਂ ਦੀਆਂ ਨਸ਼ਾ ਕਰਦਿਆਂ ਦੀਆਂ ਵੀਡੀਓ ਵਾਇਰਲ ਹੋਈਆਂ ਸੀ ਅਤੇ ਪੁਲਿਸ ਵੱਲੋਂ ਪਹਿਚਾਨ ਕਰਕੇ ਉਹਨਾਂ ਨੂੰ ਲੱਭ ਕੇ ਇੱਥੇ ਦਾਖਲ ਕਰਵਾਇਆ ਗਿਆ ਹੈ ਜਦਕਿ ਕੁਝ ਨੌਜਵਾਨਾਂ ਬਾਰੇ ਇਹ ਪਤਾ ਲੱਗਣ ਤੇ ਕਿ ਉਹ ਨਸ਼ੇ ਦੇ ਆਦੀ ਹਨ ਉਹਨਾਂ ਦੇ ਮਾਪਿਆਂ ਦੀ ਕਾਉਂਸਲਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਇੱਥੇ ਦਾਖਲ ਹੋਣ ਲਈ ਮਨਾਇਆ ਗਿਆ ਹੈ। ਪਹਿਲਾਂ ਤਾਂ ਇਹਨਾਂ ਵੱਲੋਂ ਆਨਾਕਾਨੀ ਕੀਤੀ ਗਈ ਪਰ ਕਾਉਂਸਲਿੰਗ ਤੋਂ ਬਾਅਦ ਨੌਜਵਾਨ ਅਤੇ ਮਾਪੇ ਇਲਾਜ ਕਰਵਾਉਣ ਲਈ ਮੰਨ ਗਏ ਹਨ। ਉਹਨਾਂ ਕਿਹਾ ਕਿ ਰੈਡ ਕਰੋਸ ਨਸ਼ਾ ਛੁੜਾਓ ਕੇਂਦਰ ਵਿੱਚ ਉਹਨਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ ਤੇ ਉਹਨਾਂ ਨੂੰ ਇੱਕ ਚੰਗੀ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਨਸ਼ੇ ਦੇ ਆਦੀ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚੇ ਦੀ ਨਸ਼ੇ ਦੀ ਆਦਤ ਲੁਕਾਉਣ ਦੀ ਬਜਾਏ ਉਹਨਾਂ ਨੂੰ ਨਸ਼ਾ ਛੱਡ ਕਿ ਆਮ ਜ਼ਿੰਦਗੀ ਜਿਉਣ ਦੇ ਕਾਬਿਲ ਬਣਾਉਣ ਦੇ ਕੰਮ ਵਿੱਚ ਪੁਲਿਸ ਦਾ ਸਹਿਯੋਗ ਕਰਨ।
ਦੂਜੇ ਪਾਸੇ ਰੈਡ ਕਰੋਸ ਨਸ਼ਾ ਛੁਡਾਊ ਕੇਂਦਰ ਵਿੱਚ ਪੁਲਿਸ ਵੱਲੋਂ ਦਾਖਲ ਕਰਵਾਏ ਗਏ ਇੱਕ ਨੌਜਵਾਨ ਨੇ ਕਿਹਾ ਕਿ ਉਹ ਪੰਜ ਛੇ ਸਾਲ ਤੋਂ ਨਸ਼ਾ ਕਰ ਰਿਹਾ ਹੈ ਤੇ ਈ ਰਿਕਸ਼ਾ ਚਲਾਂਦਾ ਹੈ ਤੇ ਇੱਕ ਦਿਨ ਈ ਰਿਕਸ਼ਾ ਵਿੱਚ ਨਸ਼ੇ ਦਾ ਇੰਜੈਕਸ਼ਨ ਲਗਾ ਰਿਹਾ ਸੀ ਕਿ ਪੁਲਿਸ ਦੀ ਨਜ਼ਰ ਪੈ ਗਈ ਅਤੇ ਐਸਐਚਓ ਸਾਹਿਬ ਨੇ ਉਸ ਨੂੰ ਦਾਖਲ ਕਰਵਾ ਦਿੱਤਾ । ਉਸਨੇ ਕਿਹਾ ਕਿ ਉਹ ਵੀ ਨਸ਼ਾ ਛੱਡਣਾ ਚਾਹੁੰਦਾ ਸੀ ਪਰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ । ਐਸਐਚ ਓ ਸਾਹਿਬ ਨੇ ਉਸਨੂੰ ਰਾਹ ਦਿਖਾਈ ਹੈ ਤੇ ਉਹ ਨਸ਼ਾ ਛੱਡ ਕੇ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰੇਗਾ। ਉੱਥੇ ਹੀ ਨਸ਼ਾ ਛੁੜਾਓ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਰੌਮੇਸ਼ ਮਹਾਜਨ ਨੇ ਥਾਣਾ ਸਿਟੀ ਪੁਲਿਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੁਲਿਸ ਵੱਲੋਂ ਰੈਡ ਕਰੋਸ ਨਸ਼ਾ ਛੁੜਾਓ ਕੇਂਦਰ ਵਿੱਚ ਦਾਖਲ ਕਰਵਾਏ ਨੌਜਵਾਨਾਂ ਦਾ ਸਹੀ ਢੰਗ ਨਾਲ ਇਲਾਜ ਕਰਕੇ ਉਹਨਾਂ ਨੂੰ ਇੱਕ ਚੰਗੇ ਇਨਸਾਨ ਅਤੇ ਪਹਿਲਾਂ ਵਾਂਗ ਆਮ ਜ਼ਿੰਦਗੀ ਜੀਣ ਦੇ ਕਾਬਿਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।












