ਸਪੇਨ ਨੇ ਰਿਕਾਰਡ ਚੌਥੀ ਵਾਰ ਯੂਰੋ ਕੱਪ ਫੁੱਟਬਾਲ ਖਿਤਾਬ ਜਿੱਤਿਆ ਹੈ। ਬਰਲਿਨ ਦੇ ਓਲੰਪੀਆ ਸਟੇਡੀਅਮ ‘ਚ ਐਤਵਾਰ ਦੇਰ ਰਾਤ ਖੇਡੇ ਗਏ ਫਾਈਨਲ ‘ਚ ਇੰਗਲੈਂਡ ਨੂੰ 2-1 ਨਾਲ ਹਰਾਇਆ। ਇਸ ਨਾਲ ਸਪੇਨ ਸਭ ਤੋਂ ਵੱਧ ਚਾਰ ਵਾਰ ਯੂਰੋ ਕੱਪ ਦਾ ਖਿਤਾਬ ਜਿੱਤਣ ਵਾਲੀ ਟੀਮ ਬਣ ਗਈ ਹੈ।
90 ਮਿੰਟ ਤੱਕ ਚੱਲੇ ਮੈਚ ਵਿੱਚ ਸਪੇਨ ਲਈ ਨਿਕੋ ਵਿਲੀਅਮਜ਼ (47ਵੇਂ ਮਿੰਟ) ਅਤੇ ਬਦਲਵੇਂ ਖਿਡਾਰੀ ਮਿਕੇਲ ਓਅਰਜ਼ਾਬਲ (86ਵੇਂ ਮਿੰਟ) ਨੇ ਗੋਲ ਕੀਤੇ। ਇਸ ਦੇ ਨਾਲ ਹੀ ਇੰਗਲੈਂਡ ਲਈ ਇਕਮਾਤਰ ਗੋਲ ਕੋਲ ਪਾਮਰ (73ਵੇਂ ਮਿੰਟ) ਨੇ ਕੀਤਾ।
ਯੂਰੋ ਕੱਪ ਫਾਈਨਲ ਵਿੱਚ ਇੰਗਲੈਂਡ ਦੀ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ 2020 ‘ਚ ਖੁਦ ਦੀ ਮੇਜ਼ਬਾਨੀ ‘ਚ ਹੋਏ ਯੂਰੋ ਕੱਪ ਦੇ ਫਾਈਨਲ ‘ਚ ਇਟਲੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।












