ਕਰਨਾਟਕ ਵਿਚ ਨੀਟ ਦੀ ਪ੍ਰੀਖਿਆ ਦੇ ਚੁੱਕੀ ਵਿਦਿਆਰਥਣ ਨੇ ਆਪਣੇ ਘਰ ਵਿਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਹਾਲਾਂਕਿ ਇਕ ਪੁਲਿਸ ਸੂਤਰ ਨੇ ਦੱਸਿਆ ਕਿ ਉਸ ਨੇ ਕੋਈ ਖ਼ੁਦਕੁਸ਼ੀ ਨੋਟ ਨਹੀਂ ਲਿਖਿਆ ਅਤੇ ਨਾ ਹੀ ਕੋਈ ਕਾਰਨ ਦੱਸਿਆ। ਵਿਦਿਆਰਥਣ ਦੇ ਪਿਤਾ ਰਾਜਸ਼ੇਖਰ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਅਤੇ ਮ੍ਰਿਤਕਾ ਭਾਗਯਸ਼੍ਰੀ (18) ਨੇ ਅਕਾਦਮਿਕ ਤੌਰ ’ਤੇ ਪ੍ਰੀਖਿਆ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਨੇ ਪੀਯੂਸੀ ਪਰੀ੍ਰੀਖਿਆ 92 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਸੀ। ਉਨ੍ਹਾਂ ਕਿਹਾ, ‘ਸਾਡੇ ਪਰਿਵਾਰ ਵਿਚ ਕੋਈ ਸਮੱਸਿਆ ਜਾਂ ਪਰੇਸ਼ਾਨੀ ਨਹੀਂ ਸੀ ਅਤੇ ਅਸੀਂ ਖੁਸ਼ੀ ਨਾਲ ਰਹਿ ਰਹੇ ਸੀ। ਰਾਜਸ਼ੇਖਰ ਨੇ ਅੱਖਾਂ ਵਿਚ ਹੰਝੂ ਭਰ ਕੇ ਪੱਤਰਕਾਰਾਂ ਨੂੰ ਦੱਸਿਆ, ‘ਉਸ ਨੇ ਨੀਟ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ, ਸਭ ਕੁਝ ਠੀਕ ਚੱਲ ਰਿਹਾ ਸੀ। ਸ਼ਾਇਦ ਉਸ ਦੇ ਮਨ ਵਿਚ ਇਸ ਨੂੰ (ਨੀਟ) ਦੁਬਾਰਾ ਲਿਖਣ ਬਾਰੇ ਕੁਝ ਵਿਚਾਰ ਸਨ।
ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਮੈਂ ਕਿਸੇ ’ਤੇ ਦੋਸ਼ ਨਹੀਂ ਲਗਾਉਂਦਾ। ਸਾਨੂੰ ਉਸ ਦੀ ਪੀੜਾ ਜਾਂ ਦੁੱਖ ਦਾ ਪਤਾ ਨਹੀਂ। ਮੈਂ ਕੀ ਕਹਿ ਸਕਦਾ ਹਾਂ?’ ਇਸ ਸਬੰਧੀ ਸਟੇਸ਼ਨ ਬਾਜ਼ਾਰ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਵਿਚ ਇਕ ਮਾਮਲਾ ਦਰਜ ਕੀਤਾ ਗਿਆ ਹੈ। 3 ਮਈ ਨੂੰ ਹੋਈ ਨੀਟ-ਯੂਜੀ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ਾਂ ਕਾਰਨ ਰੱਦ ਕਰ ਦਿੱਤੀ ਗਈ ਸੀ ਅਤੇ ਐੱਨਟੀਏ ਨੇ 21 ਜੂਨ ਨੂੰ ਦੁਬਾਰਾ ਪ੍ਰੀਖਿਆ ਕਰਵਾਉਣ ਦੀ ਯੋਜਨਾ ਬਣਾਈ ਹੈ।












