ਗਮ ਚੋਣਾਂ ਦੇ ਦਿਨ 26 ਮਈ ਨੂੰ ਐੱਸਸੀ ਭਾਈਚਾਰੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਲਈ ਅੱਜ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮਾਫੀ ਮੰਗ ਲਈ। ਉਨ੍ਹਾਂ ਕਿਹਾ ਕਿ ਮੈਂ ਹੱਥ ਜੋੜ ਕੇ ਸਿਰ ਝੁਕਾ ਕੇ ਮੁਆਫ਼ੀ ਮੰਗਦਾ ਹਾਂ। ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਮੇਰੇ ਮੂੰਹ ਤੋਂ ਨਿਕਲੇ ਸ਼ਬਦ ਲਈ ਗਲਤੀ ਮੰਨਦਾ ਹਾਂ। ਜੇ ਮੈਨੂੰ SC ਕਮਿਸ਼ਨ ਵੱਲੋਂ ਸੱਦਿਆ ਜਾਵੇਗਾ ਤਾਂ ਮੈਂ ਲਿਖਤੀ ਤੌਰ ‘ਤੇ ਮੁਆਫ਼ੀ ਮੰਗਾਂਗਾ ।
ਬਿੱਟੂ ਨੇ ਕਿਹਾ ਕਿ ਇਸ ਪੂਰੀ ਗੁਰੂ ਨਗਰੀ, ਇਸ ਪਵਿੱਤਰ ਨਗਰੀ ਵਿਚ ਜਿਥੇ ਸਾਡਾ ਦਰਬਾਰ ਸਾਹਿਬ, ਦੁਰਗਿਆਨਾ ਮੰਦਰ ਤੇ ਰਾਮ ਤੀਰਥ ਸਥਿਤ ਹੈ। ਮੈਂ ਅੱਜ ਇਥੇ ਇਸ ਲਈ ਆਇਆ ਹਾਂ ਕਿਉਂਕਿ 26 ਮਈ ਨੂੰ ਧੂਰੀ ਵਿਚ ਹੋਈ ਘਟਨਾ ਨੂੰ ਲੈ ਕੇ ਐੱਸਸੀ ਕਮਿਸ਼ਨ ਨੇ ਐੱਸਐੱਸਪੀ ਸੰਗਰੂਰ ਤੋਂ ਰਿਪੋਰਟ ਮੰਗੀ ਹੈ। ਇਸ ਮਾਮਲੇ ਨੂੰ ਲੈ ਕੇ ਐੱਸੀ ਕਮਿਸ਼ਨ ਦੇ ਸਾਹਮਣੇ ਕਈ ਹੋਰ ਥਾਵਾਂ ‘ਤੇ ਪ੍ਰਦਰਸ਼ਨ ਹੋਏ ਹਨ। ਬਿੱਟੂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਹੋਰ ਸਿਆਸੀ ਪਾਰਟੀਆਂ ਦੇ ਨੇਤਾ ਐੱਸਸੀ ਕਮਿਸ਼ਨ ਨੂੰ ਕਿਸ ਨਜ਼ਰ ਨਾਲ ਦੇਖਦੇ ਹਨ ਪਰ ਮੈਂ ਐੱਸਸੀ ਕਮਿਸ਼ਨ ਦੇ ਸਾਹਮਣੇ ਪਹਿਲਾਂ ਹੀ ਆਪਣੀ ਮਾਫੀ ਦਿੰਦਾ ਹਾਂ। ਜੇਕਰ ਕਮਿਸ਼ਨ ਮੈਨੂੰ ਬੁਲਾਏਗਾ ਤਾਂ ਮੈਂ ਉਥੇ ਜਾ ਕੇ ਆਪਣਾ ਪੱਖ ਰੱਖਾਂਗਾ ਤੇ ਲਿਖਤੀ ਰੂਪ ਤੋਂ ਵੀ ਮਾਫੀ ਮੰਗਾਂਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਅਸਲ ਵਿਚ ਉਸ ਸਮੇਂ ਉਥੇ ਬਹਿਸ ਤੇ ਤਣਾਅਪੂਰਨ ਸਥਿਤੀ ਬਣੀ ਹੋਈ ਸੀ।ਮੈਂ ਇਕੱਲਾ ਸੀ ਤੇ ਲਗਭਗ 50-60 ਪੁਲਿਸ ਮੁਲਾਜ਼ਮ ਵੀ ਸਥਿਤੀ ਸੰਭਾਲਣ ਵਿਚ ਲੱਗੇ ਹੋਏ ਸਨ। ਉਸ ਸਮੇਂ ਮੇਰੇ ਨਾਲ ਐੱਸਸੀ ਭਾਈਚਾਰੇ ਤੋਂ ਇਕ ਨੇਤਾ, ਹਿੰਦੂ ਸਮਾਜ ਤੋਂ ਇਕ ਨੇਤਾ ਤੇ ਰਾਮਗੜ੍ਹੀਆ ਸਮਾਜ ਤੋਂ ਧੂਰੀ ਦੇ ਮੇਰੇ ਸਾਥੀ ਮੌਜੂਦ ਸਨ ਜਦੋਂ ਸਾਹਮਣੇ ਮੌਜੂਦ ਕੁਝ ਲੋਕਾਂ ਨੇ ਜੋ ਸਿਵਲ ਡ੍ਰੈੱਸ ਵਿਚ ਸਨ, ਕੁਝ ਗੱਲਾਂ ਕਹੀਆਂ ਤਾਂ ਗੁੱਸੇ ਵਿਚ ਆ ਕੇ ਮੈਂ ਉਹ ਸ਼ਬਦ ਕਹਿ ਦਿੱਤੇ। ਉਸ ਲਈ ਮੈਂ ਇਕ ਵਾਰ ਫਿਰ ਮਾਫੀ ਮੰਗਦਾ ਹਾਂ।
ਉਨ੍ਹਾਂ ਕਿਹਾ ਕਿ ਮੈਂ ਉਸ ਖੇਤਰ ਨਵਾਂਸ਼ਹਿਰ, ਬੰਗਾ ਤੇ ਗੜ੍ਹਸ਼ੰਕਰ ਦਾ ਸਾਂਸਦ ਰਹਿ ਚੁੱਕਾ ਹਾਂ ਜਿਥੇ ਵੱਡੀ ਗਿਣਤੀ ਵਿਚ ਐੱਸਸੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ਮੇਰੇ ਦਾਦਾ ਜੀ ਤੇ ਸਾਬਕਾ ਸਾਂਸਦ ਤਰਲੋਚਨ ਸਿੰਘ ਦੇ ਸਮੇਂ ਤੋਂ ਹੀ ਮੇਰਾ ਇਸ ਭਾਈਚਾਰੇ ਨਾਲ ਗੂੜ੍ਹਾ ਸਬੰਧ ਹੈ। ਅਸੀਂ ਹਮੇਸ਼ਾ ਇਸ ਭਾਈਚਾਰੇ ਦੇ ਨਾਲ ਮਿਲ-ਜੁਲ ਕੇ ਤਿਓਹਾਰ ਮਨਾਉਂਦੇ ਰਹੇ ਹਾਂ ਤੇ ਖੁਸ਼ੀਆਂ ਸਾਂਝੀਆਂ ਕਰਦੇ ਰਹੇ ਹਾਂ। ਮੈਂ ਸਾਰੇ NGO, ਸਮਾਜਿਕ ਸੰਸਥਾਵਾਂ ਤੇ ਵੱਖ-ਵੱਖ ਡੇਰਿਆਂ ਦੇ ਸੰਤ-ਮਹਾਪੁਰਸ਼ਾਂ ਤੋਂ ਵੀ ਮਾਫੀ ਮੰਗਦਾ ਹਾਂ।










