ਮੱਧ ਪ੍ਰਦੇਸ਼ ’ਚ ਛਤਰਪੁਰ ਜ਼ਿਲ੍ਹੇ ’ਚ ਮੰਗਲਵਾਰ ਨੂੰ ਹੋਈ ਫਾਇਰਿੰਗ ’ਚ ਬਾਗੇਸ਼ਵਰ ਧਾਮ ਦੇ ਕਥਾਵਾਚਕ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਛੋਟੇ ਭਰਾ ਸ਼ਾਲੀਗ੍ਰਾਮ ਗਰਗ ਦਾ ਨਾਂ ਆਇਆ ਹੈ। ਫਾਇਰਿੰਗ ’ਚ ਜ਼ਖਮੀ ਕਿਸਾਨ ਮੋਤੀਲਾਲ ਕੁਸ਼ਵਾਹਾ ਦਾ ਦੋਸ਼ ਹੈ ਕਿ ਸ਼ਾਲੀਗ੍ਰਾਮ ਨੇ ਉਸ ’ਤੇ ਜ਼ਮੀਨ ਵੇਚਣ ਦਾ ਦਬਾਅ ਬਣਾਇਆ, ਵਿਰੋਧ ਕਰਨ ’ਤੇ ਗੋਲੀ ਚਲਾ ਦਿੱਤੀ। ਗੋਲੀ ਪਸਲੀਆਂ ’ਚ ਫਸ ਗਈ, ਜਿਸ ਨੂੰ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਕੱਢਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜ਼ਖਮੀ ਕਿਸਾਨ ਦਾ ਕਹਿਣਾ ਹੈ ਕਿ ਖੇਤਰ ਦੇ ਕਿਸਾਨਾਂ ’ਤੇ ਜ਼ਮੀਨ ਵੇਚਣ ਦਾ ਦਬਾਅ ਬਣਾਇਆ ਜਾ ਰਿਹਾ ਹੈ, ਜੋ ਕਿਸਾਨ ਮਨਾ ਕਰਦੇ ਹਨ, ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਧਮਕੀ ਦਿੱਤੀ ਜਾਂਦੀ ਹੈ। ਜ਼ਮੀਨ ਦੇ ਵਿਵਾਦ ਨੂੰ ਲੈ ਕੇ ਹੀ ਸ਼ਾਲੀਗ੍ਰਾਮ ਤੇ ਉਸ ਦੇ ਸਾਥੀਆਂ ਨੇ ਮੰਗਲਵਾਰ ਸਵੇਰੇ ਘਰ ਪਹੁੰਚ ਕੇ ਲਾਠੀ-ਡੰਡਿਆਂ ਨਾਲ ਹਮਲਾ ਕੀਤਾ ਤੇ ਤਿੰਨ-ਚਾਰ ਰਾਊਂਡ ਫਾਇਰਿੰਗ ਕੀਤੀ। ਇੰਟਰਨੈੱਟ ਮੀਡੀਆ ’ਤੇ ਕੁਝ ਵੀਡੀਓ ਵੀ ਪ੍ਰਸਾਰਿਤ ਹੋ ਰਹੇ ਹਨ, ਜਿਸ ’ਚ ਸ਼ਾਲੀਗ੍ਰਾਮ ਹੱਥ ’ਚ ਹਥਿਆਰ ਲੈ ਕੇ ਭੱਜਦਾ ਦਿਖਾਈ ਦੇ ਰਿਹਾ ਹੈ। ਮਾਲੇ ’ਚ ਹੁਣ ਤੱਕ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ। ਏਐੱਸਪੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਸਬੰਧੀ ਬਾਗੇਸ਼ਵਰ ਧਾਮ ਪ੍ਰਬੰਧਨ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਤੇ ਨਾ ਹੀ ਸ਼ਾਲੀਗ੍ਰਾਮ ਦਾ ਪੱਖ ਮਿਲ ਸਕਿਆ ਹੈ।
ਪਹਿਲਾਂ ਵੀ ਵਿਵਾਦਾਂ ’ਚ ਘਿਰਿਆ ਰਿਹਾ ਸ਼ਾਲੀਗ੍ਰਾਮ
ਸ਼ਾਲੀਗ੍ਰਾਮ ਗਰਗ ਪਹਿਲਾਂ ਵੀ ਵਿਵਾਦਾਂ ’ਚ ਰਹਿ ਚੁੱਕਾ ਹੈ, ਜਿਸ ’ਚ ਪਿਸਟਲ ਲਹਿਰਾਉਣ ਤੇ ਕੁੱਟਮਾਰ ਦੇ ਮਾਮਲੇ ਸ਼ਾਮਲ ਹਨ। ਫਰਵਰੀ 2023 ’ਚ ਗਢਾ ਪਿੰਡ ’ਚ ਵਿਆਹ ’ਚ ਪਿਸਟਲ ਲਹਿਰਾਉਣ, ਧਮਕੀ ਦੇਣ, ਕੁੱਟਮਾਰ ਕਰਨ ਤੇ ਅਪ੍ਰੈਲ 2024 ’ਚ ਸਾਗਰ ਦੇ ਮੁਗਵਾਰੀ ਟੋਲ ਪਲਾਜ਼ਾ ’ਤੇ ਕਰਮਚਾਰੀਆਂ ਨਾਲ ਕੁੱਟਮਾਰ ਤੇ ਹੰਗਾਮਾ ਕਰਨ ’ਤੇ ਐੱਫਆਈਆਰ ਦਰਜ ਹੋਈ ਸੀ। ਦਸੰਬਰ 2024 ’ਚ ਉਸ ਨੇ ਵੀਡੀਓ ਜਾਰੀ ਕਰਕੇ ਆਪਣੇ ਭਰਾ ਪੰਡਿਤ ਧੀਰੇਂਦਰ ਸ਼ਾਸਤਰੀ ਨਾਲ ਆਪਣੇ ਸਬੰਧ ਖ਼ਤਮ ਕਰਨ ਦੀ ਗੱਲ ਕਹੀ ਸੀ।












