ਰਾਜ ਸਭਾ ਦੀਆਂ 70 ਸੀਟਾਂ ‘ਤੇ ਅਪ੍ਰੈਲ ਤੋਂ ਅਗਸਤ ਵਿਚਕਾਰ ਚੋਣਾਂ ਹੋਣੀਆਂ ਹਨ। ਭਾਜਪਾ ਦੀਆ 5 ਸੀਟਾਂ, ਏਆਈਏਡੀਐਮਕੇ ਦੀ 1 ਸੀਟ ਅਤੇ ਆਜ਼ਾਦ ਉਮੀਦਵਾਰਾਂ ਦੀ 1 ਸੀਟ ਘੱਟਣ ਵਾਲੀ ਹੈ। ਭਾਜਪਾ ਅਤੇ ਭਾਜਪਾ ਸਹਿਯੋਗੀਆਂ ਕੋਲ ਰਾਜ ਸਭਾ ਵਿੱਚ ਇਸ ਸਮੇਂ 114 ਸੀਟਾਂ ਹਨ, ਜਿਨ੍ਹਾਂ ਵਿੱਚੋਂ ਭਾਜਪਾ ਕੋਲ 97, ਜੇਡੀਯੂ 5, ਏਆਈਡੀਐਮਕੇ 5, ਆਜ਼ਾਦ 1 ਅਤੇ ਛੋਟੀਆਂ ਪਾਰਟੀਆਂ ਕੋਲ 6 ਸੀਟਾਂ ਹਨ।
ਭਾਜਪਾ ਦੀ ਗਿਣਤੀ 114 ਤੋਂ ਘੱਟ ਕੇ 107 ‘ਤੇ ਆ ਜਾਵੇਗੀ। ਅਜਿਹੇ ‘ਚ ਜੇਕਰ ਭਾਜਪਾ ਨੇ ਰਾਜ ਸਭਾ ‘ਚ ਕੋਈ ਬਿੱਲ ਪਾਸ ਕਰਵਾਉਣਾ ਹੈ ਤਾ ਉਹ ਵੀ ਬਹੁਤ ਮੁਸ਼ਕਲ ਹੋ ਜਾਵੇਗਾ।
ਦਸ ਦਈਏ ਕਿ ਕੇਂਦਰ ਸਰਕਾਰ ‘ਤੇ ਲੰਬੇ ਸਮੇਂ ਤੋਂ ਹਮਲਾਵਰ ਰਹੇ ਸੁਬਰਾਮਨੀਅਮ ਸਵਾਮੀ ਦਾ ਰਾਜ ਸਭਾ ਤੋਂ ਕਾਰਜਕਾਲ 24 ਅਪ੍ਰੈਲ ਨੂੰ ਖਤਮ ਹੋਣ ਜਾ ਰਿਹਾ ਹੈ। ਜਿਸ ਤਰ੍ਹਾਂ ਉਨ੍ਹਾਂ ਨੇ ਪਿਛਲੇ ਸਮੇਂ ‘ਚ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ, ਉਸ ਨਾਲ ਉਨ੍ਹਾਂ ਦੇ ਮੁੜ ਚੁਣੇ ਜਾਣ ਦੀਆਂ ਸੰਭਾਵਨਾਵਾਂ ਨਾਮੁਮਕਿਨ ਹਨ। ਇਸ ਤੋਂ ਇਲਾਵਾ ਭਾਜਪਾ ਦੇ ਚਾਰ ਰਾਜ ਸਭਾ ਸਾਂਸਦਾਂ ਓਮ ਪ੍ਰਕਾਸ਼ ਮਾਥੁਰ, ਰਾਮ ਕੁਮਾਰ ਵਰਮਾ, ਹਰਸ਼ਵਰਧਨ ਸਿੰਘ ਅਤੇ ਅਲਫੋਂਸ ਦਾ ਕਾਰਜਕਾਲ 4 ਜੁਲਾਈ ਨੂੰ ਖਤਮ ਹੋ ਰਿਹਾ ਹੈ।
ਭਾਜਪਾ ਦੇ ਨਾਲ-ਨਾਲ ਕਾਂਗਰਸ ਦੇ ਕਈ ਦਿੱਗਜ ਨੇਤਾਵਾਂ ਦਾ ਵੀ ਰਾਜ ਸਭਾ ਤੋਂ ਕਾਰਜਕਾਲ ਪੂਰਾ ਹੋਣ ਜਾ ਰਿਹਾ ਹੈ। ਇਸ ਵਿੱਚ ਕਾਂਗਰਸ ਦੇ ਬਾਗੀ ਗਰੁੱਪ ਜੀ-23 ਵਿੱਚ ਸ਼ਾਮਲ ਆਗੂ ਆਨੰਦ ਸ਼ਰਮਾ, ਕਪਿਲ ਸਿੱਬਲ, ਕੇਰਲਾ ਤੋਂ ਏ ਕੇ ਐਂਟਨੀ ਅਤੇ ਪੰਜਾਬ ਤੋਂ ਅੰਬਿਕਾ ਸੋਨੀ ਸ਼ਾਮਲ ਹਨ। ਪੰਜਾਬ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਾਰਜਕਾਲ ਵੀ ਖਤਮ ਹੋਣ ਜਾ ਰਿਹਾ ਹੈ।
ਭਾਜਪਾ ਅਤੇ ਵਿਰੋਧੀ ਪਾਰਟੀਆਂ ਲਈ ਯੂ.ਪੀ, ਪੰਜਾਬ ਅਤੇ ਉੱਤਰਾਖੰਡ ਚੋਣਾਂ ਨਾ ਸਿਰਫ਼ ਵਿਧਾਨ ਸਭਾ ਦੇ ਨਜ਼ਰੀਏ ਤੋਂ, ਸਗੋਂ ਰਾਜ ਸਭਾ ਦੇ ਨਜ਼ਰੀਏ ਤੋਂ ਵੀ ਮਹੱਤਵਪੂਰਨ ਹਨ, ਕਿਉਂਕਿ ਇਨ੍ਹਾਂ ਤਿੰਨਾਂ ਰਾਜਾਂ ਦੀਆਂ ਚੋਣਾਂ ਸਿੱਧੇ ਤੌਰ ‘ਤੇ ਰਾਜਸਭਾ ਦੀਆ ਹੋਣ ਵਾਲੀਆਂ ਚੋਣਾਂ ਨਾਲ ਜੁੜੀਆਂ ਹੋਈਆਂ ਹਨ। ਇਹ ਰਾਜ ਸਭਾ ਦੀਆ 19 ਸੀਟਾਂ ‘ਤੇ ਅਸਰ ਪਾਉਣਗੀਆਂ।












