ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਆਪਣੇ ਬੋਲਡ ਫੋਟੋਸ਼ੂਟ ਦੇ ਜ਼ਰੀਏ ਲਾਈਮਲਾਈਟ ‘ਚ ਬਣੇ ਰਹੇ ਅਤੇ ਉਨ੍ਹਾਂ ਦਾ ਕਾਫੀ ਵਿਰੋਧ ਹੋਇਆ। ਅਦਾਕਾਰ ਨੇ ਫੋਟੋਸ਼ੂਟ ਮਾਮਲੇ ‘ਚ ਮੁੰਬਈ ਪੁਲਸ ਨੂੰ ਦਿੱਤੇ ਆਪਣੇ ਬਿਆਨ ‘ਚ ਅਹਿਮ ਖੁਲਾਸਾ ਕੀਤਾ ਹੈ। ਅਭਿਨੇਤਾ ਦਾ ਕਹਿਣਾ ਹੈ ਕਿ ਜਿਸ ਫੋਟੋ ਲਈ 26 ਜੁਲਾਈ ਨੂੰ ਮੁੰਬਈ ‘ਚ ਉਸ ਖਿਲਾਫ ਅਸ਼ਲੀਲਤਾ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਉਸ ਨਾਲ ਛੇੜਛਾੜ ਕੀਤੀ ਗਈ ਹੈ। ਰਣਵੀਰ ਸਿੰਘ ਨੇ ਕਿਹਾ ਹੈ ਕਿ ਇਹ ਫੋਟੋ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਅਪਲੋਡ ਨਹੀਂ ਕੀਤੀ ਗਈ ਹੈ। ਅਭਿਨੇਤਾ ਰਣਵੀਰ ਸਿੰਘ ਨੇ 29 ਅਗਸਤ ਨੂੰ ਮੁੰਬਈ ਪੁਲਸ ਨੂੰ ਦਿੱਤੇ ਆਪਣੇ ਬਿਆਨ ‘ਚ ਦਾਅਵਾ ਕੀਤਾ ਸੀ ਕਿ ਇਹ ਤਸਵੀਰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਨਹੀਂ ਕੀਤੀ ਗਈ ਸੀ।
ਅਭਿਨੇਤਾ ਨੇ ਕਿਹਾ ਕਿ ਜਿਸ ਤਸਵੀਰ ਨੂੰ ਨਿਊਯਾਰਕ ਆਧਾਰਿਤ ਪੇਪਰ ਮੈਗਜ਼ੀਨ ਦਾ ਹਿੱਸਾ ਦੱਸਿਆ ਜਾ ਰਿਹਾ ਹੈ, ਉਹ ਉਸ ਦੁਆਰਾ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਸੱਤ ਤਸਵੀਰਾਂ ਵਿੱਚ ਨਹੀਂ ਹੈ। ਉਸ ਫੋਟੋ ਨਾਲ ਛੇੜਛਾੜ ਕੀਤੀ ਗਈ ਹੈ। ਉਸੇ ਫੋਟੋ ਦੇ ਆਧਾਰ ‘ਤੇ, ਜੋ ਕਥਿਤ ਤੌਰ ‘ਤੇ ਅਭਿਨੇਤਾ ਦੇ ਪ੍ਰਾਈਵੇਟ ਪਾਰਟ ਨੂੰ ਦਰਸਾਉਂਦੀ ਹੈ, ਮੁੰਬਈ ਪੁਲਿਸ ਨੇ ਅਭਿਨੇਤਾ ਦੇ ਖਿਲਾਫ ਅਸ਼ਲੀਲਤਾ ਲਈ ਸ਼ਿਕਾਇਤ ਦਰਜ ਕੀਤੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਹੁਣ ਤਸਵੀਰ ਨੂੰ ਫੋਰੈਂਸਿਕ ਲੈਬ ‘ਚ ਭੇਜ ਦਿੱਤਾ ਹੈ ਤਾਂ ਕਿ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਇਹ ਮੋਰਫਡ ਹੈ ਜਾਂ ਨਹੀਂ। ਜੇਕਰ ਤਸਵੀਰ ਨਾਲ ਛੇੜਛਾੜ ਦਾ ਪਤਾ ਚੱਲਦਾ ਹੈ ਤਾਂ ਰਣਵੀਰ ਸਿੰਘ ਨੂੰ ਇਸ ਮਾਮਲੇ ‘ਚ ਕਲੀਨ ਚਿੱਟ ਮਿਲਣ ਦੀ ਸੰਭਾਵਨਾ ਹੈ। ਕਿਉਂਕਿ ਇਸ ਇਕ ਫੋਟੋ ਦੇ ਆਧਾਰ ‘ਤੇ ਉਸ ਖਿਲਾਫ ਅਸ਼ਲੀਲਤਾ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਕ ਅਧਿਕਾਰੀ ਨੇ ਕਿਹਾ, ”ਅਭਿਨੇਤਾ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਉਸ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਸੱਤ ਤਸਵੀਰਾਂ ਅਸ਼ਲੀਲ ਨਹੀਂ ਸਨ ਅਤੇ ਉਸ ਨੇ ਅੰਡਰਵੀਅਰ ਪਹਿਨੇ ਹੋਏ ਸਨ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਜਿਸ ਫੋਟੋ ਬਾਰੇ ਕੇਸ ਦਰਜ ਕਰਵਾਇਆ ਹੈ, ਉਹ ਫੋਟੋਸ਼ੂਟ ਦਾ ਹਿੱਸਾ ਨਹੀਂ ਸੀ। ਫੋਟੋਸ਼ੂਟ ਦੌਰਾਨ ਲਈਆਂ ਗਈਆਂ ਸਾਰੀਆਂ ਤਸਵੀਰਾਂ ਉਸ ਨੇ ਸਾਨੂੰ ਦਿੱਤੀਆਂ ਹਨ। ਪੁਲਿਸ ਨੇ ਉਸਦੀ ਇੰਸਟਾਗ੍ਰਾਮ ਪੋਸਟ ਦੀ ਵੀ ਜਾਂਚ ਕੀਤੀ ਹੈ, ਜਿਸ ਵਿੱਚ ਸ਼ਿਕਾਇਤਕਰਤਾ ਦੀ ਤਸਵੀਰ ਨਹੀਂ ਹੈ।












