ਮੱਧ ਪ੍ਰਦੇਸ਼, 2 ਜਨਵਰੀ 2022 – ਮੱਧ ਪ੍ਰਦੇਸ਼ ਦੇ ਉਜੈਨ ‘ਚ ਐਤਵਾਰ ਸਵੇਰੇ ਹਫਤਾਵਾਰੀ ਆਊਟਿੰਗ ਪ੍ਰੋਗਰਾਮ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਗੈਸ ਭਰਨ ਦੌਰਾਨ ਗੁਬਾਰੇ ਭਰਨ ਵਾਲਾ ਸਿਲੰਡਰ ਫਟ ਗਿਆ। ਇਸ ਘਟਨਾ ‘ਚ 3 ਬੱਚਿਆਂ ਸਮੇਤ 5 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਉਜੈਨ ਦੇ ਖਾਕ ਚੌਕ ‘ਤੇ ਹਫਤਾਵਾਰੀ ਸੈਰ ਦੌਰਾਨ ਵਾਪਰਿਆ। ਇਸ ਹਾਦਸੇ ‘ਚ ਇੱਕ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇਲਾਜ ਲਈ ਇੰਦੌਰ ਰੈਫਰ ਕਰ ਦਿੱਤਾ ਗਿਆ ਹੈ।
ਐੱਫਐੱਸਐੱਲ ਅਧਿਕਾਰੀ ਪ੍ਰੀਤੀ ਗਾਇਕਵਾੜ ਨੇ ਦੱਸਿਆ ਕਿ ਨਿਰਮੋਹੀ ਅਖਾੜੇ ਦੇ ਬਾਹਰ ਗੁਬਾਰੇ ਭਰਨ ਵਾਲਾ ਸਿਲੰਡਰ ਗੁਬਾਰਾ ਭਰਨ ਸਮੇਂ ਫਟ ਗਿਆ, ਜਿਸ ਕਾਰਨ 5 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਬੱਚੇ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਇੰਦੌਰ ਰੈਫਰ ਕਰ ਦਿੱਤਾ ਗਿਆ। ਧਮਾਕੇ ਕਾਰਨ ਅਖਾੜੇ ਦੇ ਅੰਦਰ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਵੀ ਟੁੱਟ ਗਏ ਹਨ ਅਤੇ ਅਖਾੜੇ ਦੀ ਕੰਧ ਨੂੰ ਵੀ ਨੁਕਸਾਨ ਪੁੱਜਾ ਹੈ।
ਬੀਡੀਐਸ ਇੰਚਾਰਜ ਪ੍ਰੀਤੀ ਗਾਇਕਵਾੜ ਨੇ ਦੱਸਿਆ ਕਿ ਸਿਲੰਡਰ ਵਿੱਚ ਵੱਖ-ਵੱਖ ਰਸਾਇਣਾਂ ਤੋਂ ਹਾਈਡ੍ਰੋਜਨ ਗੈਸ ਬਣਾਈ ਜਾਂਦੀ ਹੈ। ਹਾਦਸਾ ਸ਼ਾਇਦ ਹਾਈਡ੍ਰੋਜਨ ਗੈਸ ਦੇ ਗਲਤ ਮਿਸ਼ਰਣ ਕਾਰਨ ਹੋਇਆ ਹੈ। ਸਿਲੰਡਰ ਦੇ ਪਾਰਟਸ ਨੂੰ ਜ਼ਬਤ ਕਰਕੇ ਜਾਂਚ ਲਈ ਸਾਗਰ ਦੀ ਫੋਰੈਂਸਿਕ ਲੈਬਾਰਟਰੀ ਭੇਜਿਆ ਜਾ ਰਿਹਾ ਹੈ।
ਜ਼ਖਮੀ ਅਲਤਾਬ ਸ਼ਾਹ ਨੇ ਦੱਸਿਆ ਕਿ ਮੈਂ ਆਪਣੀ ਦੁਕਾਨ ਲਗਾ ਰਿਹਾ ਸੀ ਕਿ ਇਸੇ ਦੌਰਾਨ ਧਮਾਕਾ ਹੋ ਗਿਆ। ਜਿੱਥੇ ਸਿਲੰਡਰ ਧਮਾਕਾ ਹੋਇਆ ਉਹ ਦੁਕਾਨਦਾਰ ਵੀ ਜ਼ਖਮੀ ਹੋ ਗਿਆ ਪਰ ਉਹ ਧਮਾਕੇ ਤੋਂ ਬਾਅਦ ਤੋਂ ਫਰਾਰ ਹੈ।












