ਲੁਧਿਆਣਾ, 23 ਦਸੰਬਰ 2021 – ਬੀਤੇ ਦਿਨ 23 ਦਸੰਬਰ ਨੂੰ ਲੁਧਿਆਣਾ ਦੇ ਕੋਰਟ ‘ਚ ਧਮਾਕਾ ਹੋ ਗਿਆ ਸੀ, ਜਿਸ ਨੂੰ ਲੈ ਕੇ ਥਾਣਾ ਡਵੀਜ਼ਨ ਨੰਬਰ 5 ’ਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਐਫ ਆਈ ਆਰ ਕੋਰਟ ਕੰਪਲੈਕਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸੁਖਪਾਲ ਸਿੰਘ ਦੇ ਬਿਆਨ ’ਤੇ ਦਰਜ ਕੀਤੀ ਗਈ ਹੈ। ਪੁਲਸ ਵੱਲੋਂ ਇਰਾਦਾ ਕਤਲ ਦੀ ਧਾਰਾ 307 ਆਈ. ਪੀ. ਸੀ., ਕਤਲ ਦੀ ਧਾਰਾ 302 ਅਤੇ ਵਿਸਫੋਟਕ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਬੀਤੇ ਦਿਨ 23 ਦਸੰਬਰ ਨੂੰ ਲੁਧਿਆਣਾ ‘ਚ ਕਰੀਬ ਸਾਢੇ 12 ਵਜੇ ਜ਼ਿਲ੍ਹਾ ਕਚਹਿਰੀ ’ਚ ਦੂਜੀ ਮੰਜ਼ਿਲ ’ਤੇ ਸਥਿਤ ਬਾਥਰੂਮ ’ਚ ਜ਼ਬਰਦਸਤ ਧਮਾਕਾ ਹੋ ਗਿਆ ਸੀ, ਜਿਸ ’ਚ ਇਕ ਵਿਅਕਤੀ ਦੀ ਮੌਤ ਤੇ 5 ਲੋਕ ਲੋਕ ਜ਼ਖ਼ਮੀ ਹੋ ਗਏ ਸਨ।
ਇਸ ਤੋਂ ਬਿਨਾ ਸੀ ਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਜਿਸ ਵਿਅਕਤੀ ਦੀ ਲਾਸ਼ ਉੱਥੋਂ ਮਿਲੀ ਹੈ, ਉਸ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਕਿ ਬੰਬ ਉਸ ਦੇ ਕੋਲ ਸੀ, ਜਾਂ ਉਹ ਉਸ ਦੇ ਬਹੁਤ ਨੇੜੇ ਸੀ, ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੂਰੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਘਟਨਾ ਦਾ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕੇ ਉਹਨਾਂ ਦੇ ਹੱਥ ਕਈ ਸੁਰਾਗ ਵੀ ਲੱਗੇ ਹਨ।


















