ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਏ.ਕੇ.-47 ਨਾਲ ਗੋਲੀਬਾਰੀ ਕੀਤੀ ਗਈ। ਗੋਲੀਬਾਰੀ ਵਿਚ ਮੂਸੇਵਾਲਾ ਦੀ ਜਾਨ ਚਲੀ ਗਈ ਅਤੇ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ। ਪੰਜਾਬ ‘ਚ CM ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸ਼ਨੀਵਾਰ ਨੂੰ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ‘ਚ ਕਟੌਤੀ ਕਰ ਦਿੱਤੀ ਸੀ। ਦੂਜੇ ਪਾਸੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਅਤੇ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।
ਸਿੱਧੂ ਮੂਸੇਵਾਲਾ ਆਪਣੇ ਸਾਥੀਆਂ ਨਾਲ ਕਾਰ ਰਾਹੀਂ ਜਾ ਰਿਹਾ ਸੀ। ਉਸੇ ਸਮੇਂ ਕਾਲੇ ਰੰਗ ਦੀ ਕਾਰ ‘ਚ ਸਵਾਰ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਮੂਸੇਵਾਲਾ ਨੂੰ ਘਰ ਤੋਂ ਕਰੀਬ 5 ਕਿਲੋਮੀਟਰ ਦੂਰ ਗੋਲੀ ਮਾਰੀ ਗਈ ਸੀ। ਮੂਸੇਵਾਲਾ ਖੁਦ ਥਾਰ ਜੀਪ ਚਲਾ ਰਿਹਾ ਸੀ। ਉਨ੍ਹਾਂ ‘ਤੇ ਕਰੀਬ 30 ਤੋਂ 40 ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਇੰਨੀ ਤੇਜ਼ ਸੀ ਕਿ ਮੂਸੇਵਾਲਾ ਆਪਣੀ ਸੀਟ ਤੋਂ ਹਿੱਲ ਵੀ ਨਹੀਂ ਸਕਿਆ।














