ਚੰਡੀਗੜ੍ਹ, 24 ਦਸੰਬਰ 2021 – ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੋ ਦਿਨਾਂ ਪੰਜਾਬ ਦੌਰੇ ‘ਤੇ ਪਹੁੰਚੇ ਹਨ। ਪੰਜਾਬ ‘ਚ ਵੜਨ ਸਰ ਹੀ ਉਹ ਪੰਜਾਬ ਦੇ ਮੁੱਖ ਮੰਤਰੀ ਚੰਨੀ ‘ਤੇ ਵਰ੍ਹੇ।
ਉਹ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਕੱਲ੍ਹ ਲੁਧਿਆਣਾ ਵਿੱਚ ਬੰਬ ਧਮਾਕਾ ਹੋਇਆ ਸੀ। ਲੋਕ ਸਦਮੇ ਵਿੱਚ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਹੁਣੇ ਹੀ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਲੋਕ ਉਸ ਤੋਂ ਧਮਾਕੇ ਬਾਰੇ ਸੁਣਨਾ ਚਾਹੁੰਦੇ ਸਨ। ਪਰ ਸੀਐਮ ਨੇ ਧਮਾਕੇ ‘ਤੇ ਕੁਝ ਨਹੀਂ ਕਿਹਾ। ਚੰਨੀ ਸਾਹਿਬ ਨੇ ਪੂਰੀ ਪ੍ਰੈਸ ਕਾਨਫਰੰਸ ਦੌਰਾਨ ਮੈਨੂੰ ਬਹੁਤ ਗਾਲ੍ਹਾਂ ਕੱਢੀਆਂ।
ਇਸ ਤੋਂ ਇਲਾਵਾ ਸੀਐਮ ਕੇਜਰੀਵਾਲ ਨੇ ਪੰਜਾਬ ਸਰਕਾਰ ਨੂੰ ਕਮਜ਼ੋਰ ਦੱਸਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਬੇਅਦਬੀ, ਹੁਣ ਬੰਬ ਧਮਾਕਾ। ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ, ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਅੱਜ ਪੰਜਾਬ ਵਿੱਚ ਬਹੁਤ ਕਮਜ਼ੋਰ ਸਰਕਾਰ ਹੈ ਜੋ ਆਪਸ ਵਿੱਚ ਲੜ ਰਹੀ ਹੈ। ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਲਈ ਪੰਜਾਬ ਵਿੱਚ ਇੱਕ ਇਮਾਨਦਾਰ ਸਰਕਾਰ ਦੀ ਲੋੜ ਹੈ।
ਇਸ ਦੌਰਾਨ ਕੇਜਰੀਵਾਲ ਨੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਖਿਲਾਫ ਦਰਜ ਕੀਤੇ ਪਰਚੇ ‘ਤੇ ਖਰੀ-ਖੋਟੀ ਸੁਣਾਈ ਅਤੇ ਕਿਹਾ ਕਿ ਸਾਢੇ ਚਾਰ ਸਾਲ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਕੁਝ ਨਹੀਂ ਕੀਤਾ। ਪਰ ਹੁਣ ਉਹ ਮਜੀਠੀਆ ਖਿਲਾਫ ਕੇਸ ਦਰਜ ਕਰਵਾ ਕੇ ਆਪਣੀ ਪਿੱਠ ਥਾਪੜ ਰਹੇ ਹਨ। ਇਸ ਤੋਂ ਬਾਅਦ ਕੇਜਰੀਵਾਲ ਗੁਰਦਾਸਪੁਰ ਲਈ ਰਵਾਨਾ ਹੋ ਗਏ।
ਗੁਰਦਾਸਪੁਰ ਦੇ ਹਨੂੰਮਾਨ ਚੌਕ ਵਿਖੇ ਉਹ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਕੇਜਰੀਵਾਲ ਗੁਰਦਾਸਪੁਰ ‘ਚ ਕ੍ਰਿਸਮਿਸ ‘ਤੇ ਹੋਣ ਵਾਲੇ ਪ੍ਰੋਗਰਾਮਾਂ ‘ਚ ਵੀ ਸ਼ਿਰਕਤ ਕਰਨ ਜਾ ਰਹੇ ਹਨ।
25 ਦਸੰਬਰ ਨੂੰ ਉਹ ਅੰਮ੍ਰਿਤਸਰ ਵਿੱਚ ਆਸ਼ਾ ਵਰਕਰਾਂ ਤੇ ਅਧਿਆਪਕਾਂ ਨੂੰ ਮਿਲਣਗੇ। ਇੰਨਾ ਹੀ ਨਹੀਂ ਅੰਮ੍ਰਿਤਸਰ ‘ਚ ਵੀ ਤਿਰੰਗਾ ਯਾਤਰਾ ਕੱਢੀ ਜਾਵੇਗੀ। ਜਿਸ ਦੀ ਅਗਵਾਈ ਅਰਵਿੰਦ ਕੇਜਰੀਵਾਲ ਖੁਦ ਕਰਨਗੇ। ਪਠਾਨਕੋਟ ਅਤੇ ਜਲੰਧਰ ਤੋਂ ਬਾਅਦ ਇਹ ਤੀਜਾ ਸ਼ਹਿਰ ਹੋਵੇਗਾ ਜਿੱਥੇ ਅਰਵਿੰਦ ਕੇਜਰੀਵਾਲ ਤਿਰੰਗਾ ਯਾਤਰਾ ਕੱਢਣ ਜਾ ਰਹੇ ਹਨ।












