ਚੰਡੀਗੜ੍ਹ : – ਕੱਲ੍ਹ ਹੋਏ ਏਸ਼ੀਆ ਕੱਪ ਦੇ ਮੈਚ ਵਿੱਚ ਭਾਰਤ ਨੂੰ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਲਈ ਨੌਜਵਾਨ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਅਤੇ ਉਸ ਨੂੰ ਖਾਲਿਸਤਾਨੀ ਸਮਰਥਕ ਕਹਿ ਕੇ ਟਵਿੱਟਰ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ‘ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਕ ਸਿੱਖ ਪੰਜਾਬੀ ਦੇਸ਼ ਲਈ ਸੀਨੇ ‘ਚ ਗੋਲੀ ਖਾ ਸਕਦਾ ਹੈ ਅਤੇ ਦੇਸ਼ ਨਾਲ ਗੱਦਾਰੀ ਨਹੀਂ ਕਰ ਸਕਦਾ। ਅਰਸ਼ਦੀਪ ਨੂੰ ਗੱਦਾਰ ਕਹਿਣਾ ਗਲਤ ਹੈ।
ਸੰਸਦ ਮੈਂਬਰ ਰਵਨੀਤ ਬਿੱਟੂ ਨੇ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਆਲੋਚਨਾ ਵਿਰੁੱਧ ਬੋਲਦਿਆਂ ਕਿਹਾ ਹੈ ਕਿ ਅਰਸ਼ਦੀਪ ਸਿੰਘ ‘ਤੇ ਸਿੱਖ ਹੋਣ ਕਾਰਨ ਮੈਚ ਹਾਰਨ ਦਾ ਦੋਸ਼ ਲਗਾਉਣਾ ਰਾਸ਼ਟਰਵਾਦ ਦੀ ਭਾਵਨਾ ਦੇ ਵਿਰੁੱਧ ਹੈ। ਮੈਨੂੰ ਅਰਸ਼ਦੀਪ ਸਿੰਘ ਅਤੇ ਉਨ੍ਹਾਂ ਸਾਰੇ ਨੌਜਵਾਨ ਸਿੱਖਾਂ ‘ਤੇ ਮਾਣ ਹੈ ਜੋ ਵੱਖ-ਵੱਖ ਤਰੀਕਿਆਂ ਨਾਲ ਦੇਸ਼ ਦੀ ਸੇਵਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੈਂ ਆਪਣੇ ਨੌਜਵਾਨਾਂ ਨੂੰ ਹੋਰ ਸਖ਼ਤ ਮਿਹਨਤ ਕਰਨ ਅਤੇ ਹੋਰ ਪ੍ਰਾਪਤੀਆਂ ਕਰਨ ਦੀ ਅਪੀਲ ਕਰਾਂਗਾ ਤਾਂ ਜੋ ਅਜਿਹੇ ਨਫ਼ਰਤ ਕਰਨ ਵਾਲੇ ਜਾਣ ਸਕਣ ਕਿ ਉਹ ਸਾਨੂੰ ਕਦੇ ਵੀ ਨੀਵਾਂ ਨਹੀਂ ਕਰ ਸਕਦੇ।












