ਚੰਡੀਗੜ੍ਹ: ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ ਦੇ ਮਾਮਲੇ ‘ਚ ਵੱਡੀ ਅਪਡੇਟ ਆਈ ਹੈ। ਹਾਦਸੇ ਦੇ ਮੁਲਜ਼ਮ ਟਰਾਲਾ ਡਰਾਈਵਰ ਨੂੰ ਅੱਜ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਟਰਾਲਾ ਚਾਲਕ ਕਾਸਿਮ ਖਾਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸੋਨੀਪਤ ਦੇ ਖਰਖੋਦਾ ਥਾਣੇ ਦੀ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਦਾ ਜਵਾਬ ਸੀ ਕਿ ‘ਉਸ ਤੋਂ ਗਲਤੀ ਹੋਈ ਹੈ।’
ਫਿਲਹਾਲ ਕੋਈ ਨਵਾਂ ਖੁਲਾਸਾ ਹੋਣ ਤੱਕ ਪੁਲਿਸ ਦੀਪ ਸਿੱਧੂ ਦੀ ਮੌਤ ਲਈ ਡਰਾਈਵਰ ਕਾਸਿਮ ਨੂੰ ਜ਼ਿੰਮੇਵਾਰ ਮੰਨ ਕੇ ਹੀ ਮਾਮਲੇ ਦੀ ਕੜੀ ਜੋੜ ਕੇ ਅੱਗੇ ਵਧੇਗੀ। ਪੁਲਿਸ ਡਰਾਈਵਰ ਨੂੰ ਸ਼ੁੱਕਰਵਾਰ ਦੁਪਹਿਰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈਣ ਦੀ ਕੋਸ਼ਿਸ਼ ਕਰੇਗੀ। ਜ਼ਿਕਰਯੋਗ ਹੈ ਕਿ ਦੀਪ ਸਿੱਧੂ 15 ਫਰਵਰੀ ਦੀ ਸ਼ਾਮ ਨੂੰ ਆਪਣੀ ਪ੍ਰੇਮਿਕਾ ਰੀਨਾ ਰਾਏ ਉਰਫ ਰਾਜਵਿੰਦਰ ਕੌਰ ਨਾਲ ਸਕਾਰਪੀਓ ਵਿੱਚ ਕੇਐਮਪੀ ਰਾਹੀਂ ਦਿੱਲੀ ਤੋਂ ਪੰਜਾਬ ਜਾ ਰਹੇ ਸਨ। ਸੋਨੀਪਤ ਦੇ ਖਰਖੌਦਾ ‘ਚ ਪਿਪਲੀ ਟੋਲ ਨੇੜੇ ਉਸ ਦੀ ਕਾਰ ਪਿੱਛੇ ਤੋਂ ਆ ਰਹੀ ਟਰਾਲੀ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ‘ਚ ਦੀਪ ਦੀ ਮੌਤ ਹੋ ਗਈ, ਜਦਕਿ ਰੀਨਾ ਜ਼ਖਮੀ ਹੋ ਗਈ।












