ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਇਕ ਇੰਸਟਾਗ੍ਰਾਮ ਮਾਡਲ ਜਸਨੀਤ ਕੌਰ ‘ਤੇ ਬਲੈਕਮੇਲ ਕਰਨ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ੀ ਔਰਤ ਲੁਧਿਆਣਾ ਦੇ ਵਪਾਰੀ ਨੂੰ ਆਪਣੇ ਸਾਥੀ ਤੋਂ ਇੰਟਰਨੈਸ਼ਨਲ ਕਾਲ ਕਰਵਾ ਕੇ ਧਮਕੀਆਂ ਦੇ ਰਹੀ ਸੀ। ਦੱਸ ਦਈਏ ਕਿ ਦੋਸ਼ੀ ਔਰਤ ਖਿਲਾਫ ਮੋਹਾਲੀ ਥਾਣੇ ‘ਚ ਵੀ ਮਾਮਲਾ ਦਰਜ ਕੀਤਾ ਗਿਆ ਹੈ। ਮਾਡਲ ਟਾਊਨ ਦੇ ਕਾਰੋਬਾਰੀ ਗੁਰਬੀਰ ਸਿੰਘ ਨੇ ਥਾਣਾ ਮਾਡਲ ਟਾਊਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਤੋਂ ਵਟਸਐਪ ਕਾਲ ਰਾਹੀਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਗੁਰਬੀਰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਗੁਰਬੀਰ ਨੇ ਜਸਨੀਤ ਕੌਰ ਖ਼ਿਲਾਫ਼ ਮੁਹਾਲੀ ਥਾਣੇ ਵਿੱਚ 2022 ਵਿੱਚ ਦਰਜ ਹੋਏ ਕੇਸ ਬਾਰੇ ਵੀ ਪੁਲੀਸ ਨੂੰ ਜਾਣਕਾਰੀ ਦਿੱਤੀ। ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਧਮਕੀਆਂ ਦੇਣ ਵਾਲੇ ਵਿਅਕਤੀ ਦਾ ਸਬੰਧ ਜਸਨੀਤ ਕੌਰ ਉਰਫ਼ ਰਾਜਵੀਰ ਨਾਲ ਸੀ। ਧਮਕੀਆਂ ਦੇਣ ਵਾਲਾ ਵਿਅਕਤੀ ਅਤੇ ਜਸਨੀਤ ਇੱਕ ਦੂਜੇ ਦੇ ਬਹੁਤ ਕਰੀਬ ਹਨ।
ਜਾਂਚ ਵਿੱਚ ਸਾਹਮਣੇ ਆਇਆ ਕਿ ਗੁਰਬੀਰ ਨੂੰ ਜਸਨੀਤ ਨੇ ਹੀ ਧਮਕੀ ਦਿੱਤੀ ਸੀ। ਪੁਲੀਸ ਨੇ ਮੁਲਜ਼ਮ ਜਸਨੀਤ ਕੌਰ ਉਰਫ਼ ਰਾਜਵੀਰ ਕੌਰ ਵਾਸੀ ਫਲੈਟ ਨੰਬਰ 1006 ਡਾਇਮੰਡ ਕਮ ਟਾਵਰ ਨੰਬਰ 8 ਸੈਕਟਰ 88 ਐਸਏਐਸ ਨਗਰ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮ ਜਸਨੀਤ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਸਨੀਤ ਕੌਰ ਨੇ 75 ਲੱਖ ਦੀ BMW ਕਾਰ ਰੱਖੀ ਹੋਈ ਹੈ। ਪੁਲਸ ਨੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਦੋਸ਼ੀ ਔਰਤ ਨੇ ਕਿੰਨੇ ਲੋਕਾਂ ਨਾਲ ਅਜਿਹੀ ਬਲੈਕਮੇਲਿੰਗ ਆਦਿ ਕੀਤੀ ਹੈ। ਪੁਲੀਸ ਵੱਲੋਂ ਮੁਲਜ਼ਮ ਔਰਤ ਦੇ ਪੁਰਾਣੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਜਸਨੀਤ ਕੌਰ ਦੀ ਇੰਸਟਾਗ੍ਰਾਮ ਆਈਡੀ ‘ਤੇ ਅਕਸਰ ਉਸ ਦੀਆਂ ਅਸ਼ਲੀਲ ਵੀਡੀਓ ਜਾਂ ਫੋਟੋਆਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਵੀਡੀਓਜ਼ ਅਤੇ ਫੋਟੋਆਂ ਤੋਂ ਨੌਜਵਾਨ ਆਕਰਸ਼ਿਤ ਹੋ ਜਾਂਦੇ ਹਨ ਅਤੇ ਉਹ ਜਸਨੀਤ ਨਾਲ ਗੱਲ ਕਰਨ ਲੱਗ ਪੈਂਦੇ ਹਨ। ਇਸ ਸਮੇਂ ਦੌਰਾਨ ਕਿੰਨੇ ਨੌਜਵਾਨ ਅਜਿਹੇ ਦੋਸ਼ੀਆਂ ਦਾ ਸ਼ਿਕਾਰ ਹੋ ਚੁੱਕੇ ਹਨ, ਪੁਲਿਸ ਇਸ ਦਾ ਪਰਦਾਫਾਸ਼ ਕਰਨ ‘ਚ ਲੱਗੀ ਹੋਈ ਹੈ।












