ਪੰਜਾਬ ਨਾਲ ਸਬੰਧ ਰੱਖਣ ਵਾਲੇ ਅਮਿਤ ਗੌੜ ਇੰਨ੍ਹੀਂ ਦਿਨੀਂ ਓਟੀਟੀ ਪਲੇਟਫਾਰਮ ਉੱਤੇ ਖੂਬ ਵਾਹ ਵਾਹੀ ਖੱਟ ਰਹੇ ਹਨ। ਜੀ ਹਾਂ ਅਮਿਤ ਗੌੜ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਜਿਵੇਂ ‘ਫੋਰਸ’ ਜਿਸ ਵਿੱਚ ਉਹ ਜਾਨ ਅਬਰਾਹਮ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਇਸ ਤੋਂ ਇਲਾਵਾ ਰਿਤਿਕ ਰੌਸ਼ਨ ਦੀ ‘ਵਾਰ’ ਵੀ ਹੈ। ਉਹ ਦਿਲਜੀਤ ਦੋਸਾਂਝ ਦੇ ਨਾਲ ‘ਸੂਰਮਾ’ ਫ਼ਿਲਮ ਵਿੱਚ ਵੀ ਖ਼ਾਸ ਰੋਲ ਵਿੱਚ ਨਜ਼ਰ ਆਏ ਸਨ।
ਇੰਨ੍ਹੀਂ ਦਿਨੀਂ ਉਹ ‘TANAAV’ ਸੀਰੀਜ਼ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਮੁਨੀਰ ਜੀਲਾਨੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਤਨਾਵ ਜੋ ਕਿ ਇੱਕ ਸਮਾਜਿਕ ਰਾਜਨੀਤਿਕ ਡਰਾਮਾ ਵੈੱਬ ਸੀਰੀਜ਼ ਹੈ। ਤਨਾਵ ਦਾ ਨਿਰਦੇਸ਼ਨ ਸੁਧੀਰ ਮਿਸ਼ਰਾ ਅਤੇ ਸਚਿਨ ਕ੍ਰਿਸ਼ਨਾ ਦੁਆਰਾ ਕੀਤਾ ਗਿਆ ਹੈ। ਇਹ ਇਜ਼ਰਾਈਲੀ ਸ਼ੋਅ ਫੌਦਾ ਦੇ ਆਧਾਰਿਤ ਹੈ।
ਜੇ ਗੱਲ ਕਰੀਏ ਐਕਟਰ ਅਮਿਤ ਗੌੜ ਬਾਰੇ ਤਾਂ ਉਨ੍ਹਾਂ ਦਾ ਸਬੰਧ ਪੰਜਾਬ ਦੇ ਦੀਨਾਨਗਰ,ਗੁਰਦਾਸਪੁਰ ਦੇ ਨਾਲ ਹੈ। ਦੀਨਾਨਗਰ ਵਿੱਚ ਅਮਿਤ ਗੌੜ ਦੇ ਨਾਨਕੇ ਹਨ। ਜਿਸ ਕਰਕੇ ਉਨ੍ਹਾਂ ਦੇ ਬਚਪਨ ਦਾ ਕਾਫੀ ਸਮਾਂ ਆਪਣੇ ਨਾਨਕੇ ‘ਚ ਬੀਤਿਆ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ ਮੁੰਬਈ ਤੋਂ ਹੀ ਕੀਤੀ ਹੈ ਅਤੇ ਅਮਰੀਕਾ ਤੋਂ ਕਮਰਸ਼ੀਅਲ ਪਾਇਲਟ ਦੀ ਪੜ੍ਹਾਈ ਹਾਸਿਲ ਕੀਤੀ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿਸ ਕਰਕੇ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਨਾਮ ਖੱਟਿਆ। ਪੰਜਾਬ ਨਾਲ ਸਬੰਧ ਹੋਣ ਕਰਕੇ ਉਹ ਪੰਜਾਬੀ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਵਿੱਚ ਵੀ ਕੰਮ ਕਰਨਾ ਚਾਹੁੰਦੇ ਹਨ।












