27 ਫਰਵਰੀ ਨੂੰ ਪੀਐਮ ਮੋਦੀ ਨੇ ਗਗਨਯਾਨ ਮਿਸ਼ਨ ਲਈ ਚੁਣੇ ਗਏ ਚਾਰ ਟੈਸਟ ਪਾਇਲਟਾਂ ਦੇ ਨਾਵਾਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਦਾ ਨਾਂ ਵੀ ਸ਼ਾਮਲ ਹੈ।
ਦੱਸ ਦਈਏ ਕਿ ਪੀਐਮ ਮੋਦੀ ਦੇ ਇਸ ਐਲਾਨ ਤੋਂ ਕੁਝ ਸਮੇਂ ਬਾਅਦ ਹੀ ਮਲਿਆਲਮ ਅਦਾਕਾਰਾ ਲੀਨਾ ਨੇ ਗਰੁੱਪ ਕੈਪਟਨ ਪ੍ਰਸ਼ਾਂਤ ਨਾਲ ਆਪਣੇ ਵਿਆਹ ਦਾ ਐਲਾਨ ਕਰ ਦਿੱਤਾ ਹੈ। ਲੀਨਾ ਨੇ ਦੱਸਿਆ ਕਿ ਉਸ ਦਾ ਅਤੇ ਨਾਇਰ ਦਾ ਵਿਆਹ ਜਨਵਰੀ ‘ਚ ਹੀ ਹੋਇਆ ਸੀ, ਉਹ ਐਲਾਨ ਕਰਨ ਲਈ ਇਸ ਖਾਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ। ਲੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਲੀਨਾ ਨੇ ਲਿਖਿਆ, ‘ਅੱਜ 27 ਫਰਵਰੀ ਨੂੰ, ਪੀਐਮ ਮੋਦੀ ਜੀ ਨੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਪਾਇਲਟ ਅਤੇ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਨੂੰ ਪਹਿਲੇ ਭਾਰਤੀ ਪੁਲਾੜ ਯਾਤਰੀ ਵਜੋਂ ਪੇਸ਼ ਕੀਤਾ ਹੈ। ਇਹ ਸਾਡੇ ਦੇਸ਼, ਸਾਡੇ ਰਾਜ ਕੇਰਲ ਅਤੇ ਨਿੱਜੀ ਤੌਰ ‘ਤੇ ਮੇਰੇ ਲਈ ਬਹੁਤ ਇਤਿਹਾਸਕ ਪਲ ਹੈ।
ਨਾਲ ਹੀ ਲੀਨਾ ਨੇ ਅੱਗੇ ਲਿਖਿਆ, ‘ਇਸ ਗੱਲ ਨੂੰ ਅਧਿਕਾਰਤ ਤੌਰ ‘ਤੇ ਗੁਪਤ ਰੱਖਣ ਤੋਂ ਬਾਅਦ, ਮੈਂ ਇਸ ਘੋਸ਼ਣਾ ਦਾ ਇੰਤਜ਼ਾਰ ਕਰ ਰਹੀ ਸੀ, ਤਾਂ ਜੋ ਮੈਂ ਤੁਹਾਡੇ ਨਾਲ ਇਹ ਸਾਂਝਾ ਕਰ ਸਕਾਂ ਕਿ ਮੈਂ ਅਤੇ ਪ੍ਰਸ਼ਾਂਤ ਨੇ 17 ਜਨਵਰੀ ਨੂੰ ਇੱਕ ਰਵਾਇਤੀ ਰਸਮ ਨਾਲ ਵਿਆਹ ਕਰਵਾ ਲਿਆ ਹੈ।’
ਲੀਨਾ ਵਲੋਂ ਇਸ ਪੋਸਟ ‘ਚ ਸ਼ੇਅਰ ਕੀਤੀ ਵੀਡੀਓ ‘ਚ ਉਸ ਦੇ ਅਤੇ ਪ੍ਰਸ਼ਾਂਤ ਦੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਨਜ਼ਰ ਆ ਰਹੀਆਂ ਹਨ। ਦੋਵੇਂ ਪਰੰਪਰਾਗਤ ਪਹਿਰਾਵੇ ‘ਚ ਆਪਣੇ ਪਰਿਵਾਰ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਲੀਨਾ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਸਨੇ 2004 ਵਿੱਚ ਅਭਿਲਾਸ਼ ਕੁਮਾਰ ਨਾਲ ਵਿਆਹ ਕੀਤਾ ਸੀ। ਦੋਵਾਂ ਦਾ 2013 ‘ਚ ਤਲਾਕ ਹੋ ਗਿਆ ਸੀ।
ਆਪਣੇ ਕਰੀਅਰ ‘ਚ ਲੀਨਾ ਨੇ ਮਲਿਆਲਮ ਅਤੇ ਤਾਮਿਲ ਫਿਲਮਾਂ ‘ਕੂਟੂ’, ‘ਬਿਗ ਬੀ’ ਅਤੇ ‘ਸਨੇਹਮ’ ਵਰਗੀਆਂ ਹਿੱਟ ਫਿਲਮਾਂ ਕੀਤੀਆਂ ਹਨ। ਉਹ ਹੁਣ ਤੱਕ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਐਵਾਰਡ ਜੇਤੂ ਮਲਿਆਲਮ ਟੈਲੀਵਿਜ਼ਨ ਸੀਰੀਜ਼ ‘ਚ ਵੀ ਨਜ਼ਰ ਆ ਚੁੱਕੀ ਹੈ। ਉਸਨੇ ਕੰਨੜ ਹਿੱਟ ਫਿਲਮ ‘ਕੇਜੀਐਫ’ ਦੇ ਮਲਿਆਲਮ ਸੰਸਕਰਣ ਲਈ ਵੀ ਆਪਣੀ ਆਵਾਜ਼ ਦਿੱਤੀ ਹੈ।












