ਚਾਹੁਣ ਵਾਲਿਆਂ ਦੇ ਦਿਲਾਂ ‘ਚ ਸਿੱਧੂ ਮੂਸੇਵਾਲਾ ਹਮੇਸ਼ਾ ਜ਼ਿੰਦਾ ਰਹਿਣਗੇ। ਫੈਨਜ਼ ਅਤੇ ਸਿਤਾਰੇ ਆਪੋ-ਆਪਣੇ ਤਰੀਕੇ ਨਾਲ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ। ਸਿੱਧੂ ਮੂਸੇਵਾਲਾ ਦੀਆਂ ਕਈ ਵੀਡੀਓਜ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਉਸ ਦੀ ਮੌਤ ਤੋਂ ਬਾਅਦ ਉਸ ਦਾ ਪਿਤਾ ਦਾ ਬੇਬਸ ਚਿਹਰਾ ਹਰ ਕਿਸੇ ਦਾ ਦਿਲ ਵਲੂੰਧਰ ਰਿਹਾ ਹੈ । ਜਿਸ ਨੂੰ ਕਿਸੇ ਕਲਾਕਾਰ ਨੇ ਬਹੁਤ ਹੀ ਭਾਵੁਕਤਾ ਦੇ ਨਾਲ ਇੱਕ ਤਸਵੀਰ ‘ਚ ਬਿਆਨ ਕੀਤਾ ਹੈ । ਦਰਅਸਲ ਜਿਸ ਦਿਨ ਸਿੱਧੂ ਦਾ ਅੰਤਿਮ ਸਸਕਾਰ ਕੀਤਾ ਗਿਆ ਉਸ ਦਿਨ ਜਿਸ ਟਰਾਲੀ ‘ਚ ਗਾਇਕ ਦੀ ਅੰਤਿਮ ਸਫਰ ‘ਤੇ ਲੈ ਕੇ ਜਾ ਰਹੇ ਸੀ ਤਾਂ ਪਿਤਾ ਦੀਆਂ ਰੋਂਦੀਆਂ ਅੱਖਾਂ ਨੇ ਪੱਟ ‘ਤੇ ਥਾਪੀ ਮਾਰ ਕੇ ਉਸ ਨੂੰ ਅੰਤਿਮ ਵਿਦਾਈ ਦਿੱਤੀ ਸੀ ।
ਇਸ ਤਸਵੀਰ ‘ਚ ਦਿਖਾਇਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਪਿਤਾ ਨੂੰ ਜੱਫੀ ਪਾ ਰਹੇ ਹਨ । ਜਿਵੇਂ ਕਿ ਪਿਤਾ ਨੂੰ ਹੌਸਲਾ ਦੇ ਰਹੇ ਹੋਣ । ਇਹ ਤਸਵੀਰ ਹਰ ਕਿਸੇ ਨੂੰ ਭਾਵੁਕ ਕਰ ਰਹੀ ਹੈ । ਸਿੱਧੂ ਮੂਸੇਵਾਲਾ ਭਰ ਜਵਾਨੀ ‘ਚ ਸਭ ਨੂੰ ਛੱਡ ਗਿਆ ਹੈ। ਅੱਜ ਹਰ ਅੱਖ ਨਮ ਹੈ ਅਤੇ ਹਰ ਅੱਖ ੳੇੁਸ ਲਈ ਰੋ ਰਹੀ ਹੈ । ਮਾਨਸਾ ‘ਚ ਕਈ ਥਾਈਂ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਹੋ ਰਹੀ ਹੈ ।ਕਈ ਥਾਵਾਂ ‘ਤੇ ਨੌਜਵਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ।ਦੱਸ ਦਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਬਿਮਾਰ ਮਾਸੀ ਦਾ ਪਤਾ ਲੈਣ ਲਈ ਜਾ ਰਹੇ ਸਨ ।












