ਦੇਸ਼ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਕਦੋਂ ਠੀਕ ਹੋ ਕੇ ਘਰ ਪਰਤਣਗੇ ਏਮਜ਼ ਦੇ ਡਾਕਟਰਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਰਾਜੂ ਦੇ ਪ੍ਰਸ਼ੰਸਕ ਉਸ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ। ਰਾਜੂ ਸ਼੍ਰੀਵਾਸਤਵ ਨੂੰ ਅੱਜ ਏਮਜ਼ ਦੇ ਹਸਪਤਾਲ ਦੇ ਬੈੱਡ ‘ਤੇ ਪਏ 34 ਦਿਨ ਹੋ ਗਏ ਹਨ ਪਰ ਕਾਮੇਡੀਅਨ ਦੀ ਸਿਹਤ ‘ਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ ਹੈ। ਰਾਜੂ ਸ਼੍ਰੀਵਾਸਤਵ ਦੇ ਪਰਿਵਾਰ ਦੀ ਇੱਕੋ ਹੀ ਅਰਦਾਸ ਹੈ ਕਿ ਰਾਜੂ ਜਲਦੀ ਠੀਕ ਹੋ ਕੇ ਘਰ ਪਰਤੇ।
ਆਨਲਾਈਨ ਮੀਡੀਆ ਰਿਪੋਰਟਾਂ ਮੁਤਾਬਕ ਰਾਜੂ ਸ਼੍ਰੀਵਾਸਤਵ ਨੂੰ 34 ਦਿਨਾਂ ਤੋਂ ਹੋਸ਼ ਨਹੀਂ ਆਇਆ ਹੈ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਰਾਜੂ ਦਾ ਬੇਹੋਸ਼ ਹੋ ਜਾਣਾ ਡਾਕਟਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜੂ ਸ਼੍ਰੀਵਾਸਤਵ ਦਾ ਦਿਮਾਗ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਹੈ ਪਰ ਉਨ੍ਹਾਂ ਦੇ ਬਾਕੀ ਅੰਗ ਠੀਕ ਤਰ੍ਹਾਂ ਕੰਮ ਕਰ ਰਹੇ ਹਨ। ਏਮਜ਼ ਦੇ ਡਾਕਟਰ ਵੀ ਦਿਮਾਗ਼ ਦੇ ਠੀਕ ਕੰਮ ਨਾ ਕਰਨ ਕਾਰਨ ਰਾਜੂ ਸ੍ਰੀਵਾਸਤਵ ਨੂੰ ਲੈ ਕੇ ਚਿੰਤਤ ਹਨ।
ਰਾਜੂ ਸ੍ਰੀਵਾਸਤਵ ਕਦੋਂ ਤੱਕ ਠੀਕ ਹੋਣਗੇ, ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਰਾਜੂ ਸ਼੍ਰੀਵਾਸਤਵ ਦਾ ਪਰਿਵਾਰ ਲਗਾਤਾਰ ਆਪਣੇ ਪ੍ਰਸ਼ੰਸਕਾਂ ਨੂੰ ਕਾਮੇਡੀਅਨ ਲਈ ਪ੍ਰਾਰਥਨਾ ਕਰਨ ਦੀ ਅਪੀਲ ਕਰ ਰਿਹਾ ਹੈ। ਇਸ ਵਿਚਾਲੇ ਰਾਜੂ ਸ਼੍ਰੀਵਾਸਤਵ ਨੂੰ ਲੈ ਕੇ ਕੁਝ ਬੁਰੀ ਖਬਰ ਵੀ ਸਾਹਮਣੇ ਆਈ ਸੀ, ਜਿਸ ‘ਤੇ ਰਾਜੂ ਦੇ ਪਰਿਵਾਰ ਵਾਲਿਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਰਾਜੂ ਦੇ ਪਰਿਵਾਰ ਨੇ ਲੋਕਾਂ ਨੂੰ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਸੀ।
ਇਸ ਦੇ ਨਾਲ ਹੀ ਪਰਿਵਾਰ ਨੇ ਇਹ ਵੀ ਕਿਹਾ ਸੀ ਕਿ ਰਾਜੂ ਬਾਰੇ ਕੋਈ ਵੀ ਜਾਣਕਾਰੀ ਉਸ ਦੇ ਪਰਿਵਾਰ ਵੱਲੋਂ ਦਿੱਤੀ ਜਾਵੇਗੀ, ਹੋਰ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ। ਦੱਸ ਦੇਈਏ ਕਿ 10 ਅਗਸਤ ਨੂੰ ਟੀਵੀ ਕਲਾਕਾਰ ਰਾਜੂ ਸ਼੍ਰੀਵਾਸਤਵ ਦੀ ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਕੰਮ ਕਰਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਜ਼ਮੀਨ ‘ਤੇ ਡਿੱਗ ਗਿਆ। ਜ਼ਮੀਨ ‘ਤੇ ਡਿੱਗਦੇ ਹੀ ਉਹ ਬੇਹੋਸ਼ ਹੋ ਗਿਆ। ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਉਹ ਅਜੇ ਤੱਕ ਹੋਸ਼ ਵਿੱਚ ਨਹੀਂ ਆਇਆ। ਹਾਲਾਂਕਿ ਉਸ ਦੇ ਸਰੀਰ ‘ਚ ਮਾਮੂਲੀ ਹਿਲਜੁਲ ਦੇਖੀ ਗਈ ਹੈ।












