ਬਾਲੀਵੁੱਡ ਅਦਾਕਾਰ ਸੰਜੇ ਦੱਤ ਜਲਦ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਰਹੇ ਹਨ। ਉਹ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲ ਕੇ ਦੁੱਖ ਦਾ ਪ੍ਰਗਟਾਵਾ ਕਰਨਗੇ। ਸੰਜੇ ਦੱਤ ਦੇ ਆਉਣ ਦੀ ਸੂਚਨਾ ਮਿਲਦੇ ਹੀ ਮੂਸਾ ਪਿੰਡ ‘ਚ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ। ਸੀਨੀਅਰ ਪੁਲਸ ਅਧਿਕਾਰੀਆਂ ਦੀ ਅਗਵਾਈ ‘ਚ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਮੂਸੇਵਾਲਾ ਨੇ ਸੰਜੂ ਗੀਤ ਗਾਇਆ ਸੀ, ਜਿਸ ਵਿੱਚ ਸੰਜੇ ਦੱਤ ਦੇ ਖਿਲਾਫ ਆਰਮਜ਼ ਐਕਟ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਆਪਣੀ ਤੁਲਨਾ ਸੰਜੇ ਦੱਤ ਨਾਲ ਕੀਤੀ ਸੀ। ਜਿਸ ਤੋਂ ਬਾਅਦ ਉਹ ਵਿਵਾਦਾਂ ‘ਚ ਵੀ ਘਿਰ ਗਏ ਸੀ। ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਵੀ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਸਿੱਧੂ ਮੂਸੇਵਾਲਾ ਬਾਰੇ ਸੁਣ ਕੇ ਹੈਰਾਨੀ ਅਤੇ ਦੁੱਖ ਹੋਇਆ, ਇੱਕ ਮਹਾਨ ਪ੍ਰਤਿਭਾ ਬਹੁਤ ਜਲਦੀ ਖਤਮ ਹੋ ਗਈ… ਵਾਹਿਗੁਰੂ ਉਨ੍ਹਾਂ ਦੇ ਪਰਿਵਾਰ, ਚਾਹੁਣ ਵਾਲਿਆਂ ਨੂੰ ਇਸ ਦੁੱਖ ਦੀ ਘੜੀ ‘ਚ ਬਲ ਬਖਸ਼ਣ’ ਦੱਸ ਦਈਏ ਸਿੱਧੂ ਮੂਸੇ ਵਾਲਾ ਨੇ ‘ਸੰਜੂ’ ਗੀਤ ਰਿਲੀਜ਼ ਕੀਤਾ, ਜਿਸ ਵਿੱਚ ਉਸਨੇ ਸੰਜੇ ਦੱਤ ਦੀ 1993 ਦੀ ਗ੍ਰਿਫਤਾਰੀ ਦੀ ਇੱਕ ਕਲਿੱਪ ਸਾਂਝੀ ਕੀਤੀ। ਇਸਦੇ ਨਾਲ ਹੀ ਉਸਨੇ “ਗੱਭਰੂ ‘ਤੇ ਕੇਸ ਜਹਿੜਾ ਸੰਜੇ ਦੱਤ ‘ਤੇ” ਦੀਆਂ ਲਾਈਨਾਂ ਦੀ ਵਰਤੋਂ ਕੀਤੀ ਸੀ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਵਿਵਾਦਾਂ ‘ਚ ਆ ਗਿਆ ਸੀ। ਗਾਇਕ ਸਿੱਧੂ ਮੂਸੇਵਾਲਾ ਨੇ ਮਹਿਜ਼ 28 ਸਾਲ ਦੀ ਉਮਰ ‘ਚ ਮਿਊਜ਼ਿਕ ਜਗਤ ‘ਚ ਆਪਣਾ ਨਾਮ ਤੇ ਕਾਫੀ ਸ਼ੌਹਰਤ ਹਾਸਿਲ ਕਰ ਲਈ ਸੀ। ਪਰ ਬੀਤੀ ਐਤਵਾਰ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਹਰਕੇ ‘ਚ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਦੋ ਸਾਥੀਆਂ ਨਾਲ ਥਾਰ ਗੱਡੀ ‘ਚ ਸਵਾਰ ਸੀ।












