ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ਦੇ ਮੁੱਖ ਦੋਸ਼ੀ ਸ਼ੀਜਾਨ ਖਾਨ ਨੂੰ ਜ਼ਮਾਨਤ ਮਿਲ ਗਈ ਹੈ। ਉਸ ਦੀ ਮਾਂ ਅਤੇ ਦੋ ਭੈਣਾਂ ਫਲਕ ਨਾਜ਼ ਅਤੇ ਸ਼ਫਾਕ ਨਾਜ਼ ਉਸ ਨੂੰ ਲੈਣ ਲਈ ਵਸਈ ਕੋਰਟ ਪਹੁੰਚੀਆਂ ਸਨ। ਜੇਲ੍ਹ ਤੋਂ ਬਾਹਰ ਨਿਕਲਣ ਤੋਂ ਬਾਅਦ ਉਹ ਸ਼ੀਜਾਨ ਨੂੰ ਜੱਫੀ ਪਾ ਕੇ ਰੋਣ ਲੱਗ ਗਈਆਂ। ਕਰੀਬ 70 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸ਼ੀਜਨ ਨੂੰ 4 ਮਾਰਚ ਨੂੰ ਵਸਈ ਅਦਾਲਤ ਤੋਂ ਜ਼ਮਾਨਤ ਮਿਲ ਗਈ । ਟੀਵੀ ਅਦਾਕਾਰਾ ਤੁਨੀਸ਼ਾ ਨੇ 24 ਦਸੰਬਰ ਨੂੰ ਸ਼ੂਟਿੰਗ ਸੈੱਟ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਤੁਨੀਸ਼ਾ ਦੇ ਖੁਦਕੁਸ਼ੀ ਕਰਨ ਦੇ ਕੁਝ ਘੰਟਿਆਂ ਬਾਅਦ, ਉਸਦੀ ਮਾਂ ਨੇ ਉਸਦੇ ਸਹਿ-ਕਲਾਕਾਰ ਸ਼ੀਜ਼ਾਨ ਮੁਹੰਮਦ ਖਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ।
ਸ਼ੀਜਨ ਨੂੰ ਪੁਲਿਸ ਨੇ 25 ਦਸੰਬਰ 2022 ਨੂੰ ਗ੍ਰਿਫਤਾਰ ਕੀਤਾ ਸੀ। ਮਾਮਲੇ ਦੀ ਜਾਂਚ ਕਰ ਰਹੀ ਵਾਲੀਵ ਪੁਲਿਸ ਨੇ 500 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਸ਼ੀਜਾਨ ‘ਤੇ ਤੁਨੀਸ਼ਾ ਦੀ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਸ਼ੀਜਨ ਨੇ ਕਈ ਵਾਰ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। 13 ਜਨਵਰੀ ਨੂੰ ਹੋਈ ਸੁਣਵਾਈ ਦੌਰਾਨ ਵਸਈ ਅਦਾਲਤ ਨੇ ਸ਼ੀਜਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਸ਼ੀਜਨ ਨੇ ਹਾਈਕੋਰਟ ‘ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ 17 ਫਰਵਰੀ ਨੂੰ ਵੀ ਸ਼ੀਜਨ ਨੂੰ ਇੱਥੋਂ ਰਾਹਤ ਨਹੀਂ ਮਿਲ ਸਕੀ ਸੀ।












