ਸ਼ਿਮਲਾ ਵਿੱਚ ਤਿੰਨ ਚੀਤੇ ਇਕੱਠੇ ਮਰੇ ਹੋਏ ਪਾਏ ਗਏ ਹਨ। ਇਨ੍ਹਾਂ ‘ਚੋਂ ਇਕ ਚੀਤੇ ਮਰਨ ਤੋਂ ਪਹਿਲਾਂ ਕਾਫੀ ਦੇਰ ਤਕ ਤੜਫਦਾ ਰਿਹਾ। ਇਹ ਦੇਖ ਕੇ ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ। ਜਦੋਂ ਤੱਕ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ, ਉਦੋਂ ਤੱਕ ਚੀਤਾ ਮਰ ਚੁੱਕਾ ਸੀ।
ਦੱਸ ਦਈਏ ਕਿ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਜੰਗਲਾਤ ਵਿਭਾਗ ਨੇ ਤਿੰਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਸੈਂਪਲ ਲੈ ਕੇ ਜਾਂਚ ਲਈ ਬਰੇਲੀ ਭੇਜ ਦਿੱਤੇ ਹਨ। ਜੰਗਲਾਤ ਵਿਭਾਗ ਦੀ ਸ਼ਿਕਾਇਤ ‘ਤੇ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਤਿੰਨੇ ਚੀਤੇ ਰਾਮਪੁਰ ਦੇ ਇੱਕ ਸੇਬ ਦੇ ਬਾਗ ਵਿੱਚ ਮਿਲੇ ਹਨ। ਇਨ੍ਹਾਂ ਵਿੱਚ ਇੱਕ ਢਾਈ ਸਾਲ ਦੀ ਮਾਦਾ ਚੀਤਾ ਅਤੇ ਉਸ ਦੇ 8 ਮਹੀਨਿਆਂ ਦੇ ਦੋ ਬੱਚੇ ਸ਼ਾਮਲ ਹਨ। ਜੰਗਲਾਤ ਵਿਭਾਗ ਦੇ ਅਨੁਸਾਰ ਤਿੰਨਾਂ ਮ੍ਰਿਤਕ ਚੀਤਿਆਂ ਦੇ ਸਰੀਰ ‘ਤੇ ਕਿਸੇ ਤਰ੍ਹਾਂ ਦੇ ਜ਼ਖ਼ਮ ਨਹੀਂ ਮਿਲੇ ਹਨ। ਇਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੀ ਮੌਤ ਸ਼ਿਕਾਰ ਕਾਰਨ ਨਹੀਂ ਹੋਈ। ਹਾਲਾਂਕਿ, ਇੱਕ ਚੀਤੇ ਦੇ 7 ਨਹੁੰ ਗਾਇਬ ਹਨ।
ਪੁਲਿਸ ਹੁਣ ਇਹ ਪਤਾ ਲਗਾਉਣ ‘ਚ ਲੱਗੀ ਹੋਈ ਹੈ ਕਿ ਤਿੰਨ ਚੀਤੇ ਇਕੱਠੇ ਕਿਵੇਂ ਮਰੇ? ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਜਾਂ ਤਾਂ ਉਹਨਾਂ ਦੀ ਮੌਤ ਜ਼ਹਿਰ ਦੇ ਕਾਰਨ ਹੋਈ ਹੈ ਜਾਂ ਫਿਰ ਬਿਮਾਰੀ ਵੀ ਇਸ ਦਾ ਕਾਰਨ ਹੋ ਸਕਦੀ ਹੈ। ਪਰ ਇਸ ਦੀ ਪੁਸ਼ਟੀ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।
ਰਾਮਪੁਰ ਦੇ ਡੀਐਫਓ ਹਰਦੇਵ ਨੇਗੀ ਨੇ ਦੱਸਿਆ ਕਿ ਕੱਲ੍ਹ ਸਵੇਰੇ ਜੰਗਲਾਤ ਵਿਭਾਗ ਨੂੰ ਗਾਰਡ ਰਾਹੀਂ ਸੂਚਨਾ ਮਿਲੀ ਸੀ ਕਿ ਡਾਂਸਾ ਪੰਚਾਇਤ ਵਿੱਚ ਚੀਤਾ ਮਰਿਆ ਪਿਆ ਹੈ। ਇਸ ਤੋਂ ਬਾਅਦ ਤਿੰਨਾਂ ਚੀਤਿਆਂ ਦੀਆਂ ਲਾਸ਼ਾਂ ਨੂੰ ਇਕੱਠਾ ਕੀਤਾ ਗਿਆ ਅਤੇ ਫਿਰ ਰਾਮਪੁਰ ‘ਚ ਪੋਸਟਮਾਰਟਮ ਕਰਵਾਇਆ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਹੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਰੇ ਹੋਏ ਚੀਤੇ ਦੇ ਸੈਂਪਲ ਜਾਂਚ ਲਈ ਬਰੇਲੀ ਭੇਜੇ ਗਏ ਹਨ। ਇੱਥੋਂ ਰਿਪੋਰਟ ਆਉਣ ਤੋਂ ਬਾਅਦ ਹੀ ਚੀਤੇ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।












