‘ਦੇਸ਼ ਬਚਾਓ ਮੋਰਚਾ’ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਅੱਜ ਦਿੱਲੀ ਸਥਿਤ ਕਿਸਾਨ ਘਾਟ ਉੱਤੇ ਕਿਸਾਨ ਮਹਾਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮਹਾਰੈਲੀ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਲਈ ਸ਼ੰਭੂ ਬਾਰਡਰ ਉੱਤੇ ਵੱਡੀਆਂ-ਵੱਡੀਆਂ ਰੋਕਾਂ ਲਗਾ ਦਿੱਤੀਆਂ ਹਨ ਅਤੇ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ। ਪੁਲਿਸ ਨੇ ਆਮ ਲੋਕਾਂ ਲਈ ਰੂਟ ਵੀ ਡਾਇਵਰਟ ਕਰ ਦਿੱਤੇ ਹਨ।
ਭਾਰਤੀ ਕਿਸਾਨ ਯੂਨੀਅਨ (BKU) ਦੇ ਤਰਜਮਾਨ ਤੇਜਵੀਰ ਸਿੰਘ ਨੇ ਦਾਅਵਾ ਕੀਤਾ ਕਿ ਹਰਿਆਣਾ ਸਰਕਾਰ ਨੇ ਪੰਜਾਬ ਵਾਲੇ ਪਾਸਿਓਂ ਆਉਣ ਵਾਲੇ ਹਰ ਵਾਹਨ ਲਈ ਸਰਹੱਦ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ। ਦੂਜੇ ਪਾਸੇ, ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਰਾਸ਼ਟਰੀ ਰਾਜਮਾਰਗ ਬੰਦ ਹੋਣ ਕਾਰਨ ਟਰੈਫ਼ਿਕ ਨੂੰ ਹੋਰਨਾਂ ਰਸਤਿਆਂ ਵੱਲ ਮੋੜਿਆ ਜਾ ਰਿਹਾ ਹੈ। ਹਾਲਾਂਕਿ, ਜ਼ਿਆਦਾ ਵੇਰਵੇ ਦੇਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਅਧਿਕਾਰਤ ਬਿਆਨ ਲਈ ਉੱਚ ਅਧਿਕਾਰੀਆਂ ਦੇ ਜਵਾਬ ਦੀ ਉਡੀਕ ਕਰਨੀ ਪਵੇਗੀ।
ਦੇਸ਼ ਬਚਾਓ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਅਤੇ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਵਿੱਚੋਂ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਨੇ ਲੰਘੇ ਦਿਨ ਹੀ ਦਿੱਲੀ ਲਈ ਚਾਲੇ ਪਾ ਦਿੱਤੇ ਸਨ। ਕਿਸਾਨ ਰਾਤ ਸਮੇਂ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਰੁਕੇ ਅਤੇ ਅੱਜ ਸਵੇਰੇ ਜਿਵੇਂ ਹੀ ਦਿੱਲੀ ਵੱਲ ਅੱਗੇ ਵਧੇ, ਤਾਂ ਪੁਲੀਸ ਨੇ ਸ਼ੰਭੂ ਬਾਰਡਰ ਉੱਤੇ ਵੱਡੀਆਂ-ਵੱਡੀਆਂ ਰੋਕਾਂ ਲਗਾ ਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਵੇਲੇ ਸ਼ੰਭੂ ਬਾਰਡਰ ਉੱਤੇ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਚੁੱਕੇ ਹਨ ਅਤੇ ਉੱਥੇ ਕਿਸਾਨਾਂ ਦਾ ਭਾਰੀ ਇਕੱਠ ਹੋ ਗਿਆ ਹੈ।
ਭਾਰਤ ਅਤੇ ਅਮਰੀਕਾ ਵਿਚਕਾਰ ਟਰੇਡ ਡੀਲ ਕੀ ਹੈ ?
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਵਿਭਾਗ ਵੱਲੋਂ 27 ਮਈ 2026 ਨੂੰ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ “ਭਾਰਤ ਅਤੇ ਅਮਰੀਕਾ ਨੇ ਇੱਕ ਛੋਟੇ ਵਪਾਰਕ ਸਮਝੌਤੇ ਨੂੰ ਅੱਗੇ ਵਧਾਉਣ ਲਈ ਸਹਿਮਤੀ ਬਣਾਈ ਹੈ। ਇਸ ਸਮਝੌਤੇ ਤਹਿਤ ਦੋਵੇਂ ਦੇਸ਼ ਆਪਸੀ ਵਪਾਰ ਨੂੰ ਆਸਾਨ ਅਤੇ ਤੇਜ਼ ਬਣਾਉਣ ਲਈ ਕੰਮ ਕਰ ਰਹੇ ਹਨ। ਅਮਰੀਕਾ ਨੇ ਕੁਝ ਭਾਰਤੀ ਉਤਪਾਦਾਂ ‘ਤੇ ਲੱਗਣ ਵਾਲੇ ਟੈਕਸ ਘਟਾਉਣ ਦੀ ਗੱਲ ਕੀਤੀ ਹੈ, ਜਦਕਿ ਭਾਰਤ ਵੀ ਕੁਝ ਅਮਰੀਕੀ ਉਤਪਾਦਾਂ ਲਈ ਆਪਣੇ ਬਾਜ਼ਾਰ ਵਿੱਚ ਵਧੀਆ ਮੌਕੇ ਦੇਣ ਬਾਰੇ ਵਿਚਾਰ ਕਰ ਰਿਹਾ ਹੈ। ਜੂਨ 2026 ਦੀ ਸ਼ੁਰੂਆਤ ਵਿੱਚ ਅਮਰੀਕੀ ਅਧਿਕਾਰੀ ਭਾਰਤ ਆਏ ਸਨ, ਜਿੱਥੇ ਇਸ ਛੋਟੇ ਸਮਝੌਤੇ ਨੂੰ ਅੱਗੇ ਵਧਾਉਣ ਅਤੇ ਭਵਿੱਖ ਵਿੱਚ ਇੱਕ ਵੱਡੇ ਵਪਾਰਕ ਸਮਝੌਤੇ ਬਾਰੇ ਚਰਚਾ ਕੀਤੀ ਗਈ। ਉਮੀਦ ਹੈ ਕਿ ਇਸ ਨਾਲ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਹੋਰ ਵਧੇਗਾ ਅਤੇ ਦੋਵੇਂ ਦੇਸ਼ਾਂ ਨੂੰ ਆਰਥਿਕ ਲਾਭ ਮਿਲੇਗਾ।”












