24ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ 2019 ‘ਚ ਡਿਸਕਸ ਥਰੋਅ ‘ਚ 65 ਮੀਟਰ ਬੈਰੀਅਰ ਨੂੰ ਪਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਕਮਲਪ੍ਰੀਤ ਕੌਰ ‘ਤੇ ਤਿੰਨ ਸਾਲ ਦੀ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ ਐਥਲੈਟਿਕਸ ਇੰਟੈਗਰਿਟੀ ਯੂਨਿਟ (ਏ.ਆਈ.ਯੂ.) ਵੱਲੋਂ ਲਗਾਈ ਗਈ ਹੈ। ਉਸ ‘ਤੇ ਡੋਪ ਟੈਸਟ ‘ਚ ਫੇਲ ਹੋਣ ਦਾ ਦੋਸ਼ ਹੈ। ਉਸ ‘ਤੇ ਲਗਾਈ ਗਈ ਇਹ ਪਾਬੰਦੀ 7 ਮਾਰਚ 2022 ਤੋਂ ਸ਼ੁਰੂ ਹੋਵੇਗੀ ਅਤੇ ਇਸ ਤੋਂ ਬਾਅਦ ਖੇਡੇ ਜਾਣ ਵਾਲੇ ਕਿਸੇ ਵੀ ਮੁਕਾਬਲੇ ਵਿਚ ਉਸ ਦੀ ਭਾਗੀਦਾਰੀ ਨੂੰ ਜਾਇਜ਼ ਨਹੀਂ ਮੰਨਿਆ ਜਾਵੇਗਾ।
ਜਾਣਕਾਰੀ ਅਨੁਸਾਰ ਏਆਈਯੂ ਵੱਲੋਂ ਇਸ ਸਾਲ ਮਈ ਵਿੱਚ ਕਰਵਾਏ ਗਏ ਡੋਪ ਟੈਸਟ ਦੌਰਾਨ ਕਮਲਪ੍ਰੀਤ ਪਾਜ਼ੇਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਕਮਲਪ੍ਰੀਤ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਫਿਰ ਉਸ ‘ਤੇ ਅਸਥਾਈ ਪਾਬੰਦੀ ਲਗਾ ਦਿੱਤੀ ਗਈ ਸੀ। ਇੰਨਾ ਹੀ ਨਹੀਂ ਕਮਲਪ੍ਰੀਤ ਨੇ ਆਪਣੀ ਗਲਤੀ ਵੀ ਮੰਨ ਲਈ ਸੀ ਅਤੇ ਉਸ ਨੂੰ ਇਸ ਦਾ ਫਾਇਦਾ ਵੀ ਮਿਲਿਆ ਸੀ। ਜੇਕਰ ਕਮਲਪ੍ਰੀਤ ਨੇ ਮਈ 2022 ‘ਚ ਆਪਣੀ ਗਲਤੀ ਨਾ ਮੰਨੀ ਹੁੰਦੀ ਤਾਂ ਉਸ ‘ਤੇ ਲਗਾਈ ਗਈ ਇਸ ਪਾਬੰਦੀ ਨੂੰ 4 ਸਾਲ ਦਾ ਸਮਾਂ ਹੋ ਸਕਦਾ ਸੀ। ਗਲਤੀ ਮੰਨਣ ‘ਤੇ ਉਸ ਦੀ ਸਜ਼ਾ ਇਕ ਸਾਲ ਘਟਾ ਦਿੱਤੀ ਗਈ ਹੈ।
ਏਆਈਯੂ ਵੱਲੋਂ ਕਰਵਾਏ ਗਏ ਟੈਸਟ ਵਿੱਚ ਸਟੈਨੋਜ਼ੋਲੋਲ ਨਾਂ ਦਾ ਸਟੀਰੌਇਡ ਪਾਇਆ ਗਿਆ। ਇਹ ਇੱਕ ਕਿਸਮ ਦਾ ਸਟੀਰੌਇਡ ਹੈ, ਜਿਸਦਾ ਸੇਵਨ ਵਿਸ਼ਵ ਅਥਲੈਟਿਕਸ ਦੇ ਨਿਯਮਾਂ ਅਨੁਸਾਰ ਗਲਤ ਹੈ। ਜ਼ਿਕਰਯੋਗ ਹੈ ਕਿ ਕਮਲਪ੍ਰੀਤ ਕੌਰ ਦਾ ਇਹ ਸੈਂਪਲ 7 ਮਾਰਚ ਨੂੰ ਪਟਿਆਲਾ ਵਿਖੇ ਲਿਆ ਗਿਆ ਸੀ। ਇਸ ਤੋਂ ਬਾਅਦ ਉਸ ਦੇ ਕਈ ਸਪਲੀਮੈਂਟ ਟੈਸਟ ਵੀ ਕਰਵਾਏ ਗਏ।












