ਮਹਾਭਾਰਤ ਸੀਰੀਅਲ ‘ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਸੋਬਤੀ ਦਾ 8 ਫਰਵਰੀ ਨੂੰ ਦਿਹਾਂਤ ਹੋ ਗਿਆ ਹੈ। 74 ਸਾਲ ਦੇ ਪ੍ਰਵੀਨ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਦਸ ਦਈਏ ਕਿ ਪ੍ਰਵੀਨ ਕੁਮਾਰ ਨੇ ਆਪਣਾ ਫਿਲਮੀ ਕਰੀਅਰ 1981 ਵਿੱਚ ਫਿਲਮ ‘ਰਕਸ਼ਾ’ ਨਾਲ ਸ਼ੁਰੂ ਕੀਤਾ ਸੀ। 1988 ਤੱਕ ਲਗਭਗ 30 ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ, ਬੀਆਰ ਚੋਪੜਾ ਨੇ ਉਸਨੂੰ ਮਹਾਭਾਰਤ ਵਿੱਚ ਭੀਮ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ। ਜਦੋਂ ਪ੍ਰਵੀਨ ਬੀਆਰ ਚੋਪੜਾ ਨੂੰ ਮਿਲਣ ਗਏ ਤਾਂ ਬੀ.ਆਰ ਚੋਪੜਾ ਨੇ ਉਨ੍ਹਾਂ ਨੂੰ ਦੇਖ ਕੇ ਕਿਹਾ- ਮੈਂ ਭੀਮ ਨੂੰ ਮਿਲ ਗਿਆ ਹੈ ਅਤੇ ਇਸ ਤਰ੍ਹਾਂ ਮਹਾਭਾਰਤ ਵਿੱਚ ਪ੍ਰਵੀਨ ਦੀ ਐਂਟਰੀ ਹੋਈ ਹੈ।

ਇਸ ਤੋਂ ਪਹਿਲਾ ਪ੍ਰਵੀਨ ਕੁਮਾਰ 1960 ਅਤੇ 1970 ਦੇ ਦਹਾਕੇ ਵਿੱਚ ਇੱਕ ਸਟਾਰ ਭਾਰਤੀ ਅਥਲੀਟ ਰਹੇ। ਆਪਣੇ ਕੱਦ ਦੇ ਕਾਰਨ ਉਹ ਸਾਲਾਂ ਤੱਕ ਹੈਮਰ ਥਰੋਅ ਅਤੇ ਡਿਸਕਸ ਥਰੋਅ ਦੇ ਖਿਡਾਰੀ ਰਹੇ। 1966 ਅਤੇ 1970 ਵਿੱਚ ਬੈਂਕਾਕ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਪ੍ਰਵੀਨ ਨੇ ਡਿਸਕਸ ਥਰੋਅ ਵਿੱਚ ਦੋ ਸੋਨ ਤਗਮੇ ਜਿੱਤੇ ਸਨ।

1998 ਤੱਕ ਲਗਾਤਾਰ ਫਿਲਮਾਂ ਅਤੇ ਟੀਵੀ ਵਿੱਚ ਸਰਗਰਮ ਰਹਿਣ ਤੋਂ ਬਾਅਦ, ਪ੍ਰਵੀਨ ਕੁਮਾਰ ਨੇ ਆਪਣੇ ਆਪ ਨੂੰ ਅਦਾਕਾਰੀ ਤੋਂ ਦੂਰ ਕਰ ਲਿਆ। ਫਿਰ ਉਨ੍ਹਾਂ ਨੇ ਅਦਾਕਾਰੀ ਨੂੰ ਅਲਵਿਦਾ ਕਹਿ ਕੇ ਰਾਜਨੀਤੀ ਵਿੱਚ ਕਦਮ ਰੱਖਿਆ। 2013 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ, ਵਜ਼ੀਰਪੁਰ ਤੋਂ ਦਿੱਲੀ ਵਿਧਾਨ ਸਭਾ ਲਈ ਚੋਣ ਲੜੀ ਪਰ ਹਾਰ ਗਏ। 2014 ‘ਚ ਪ੍ਰਵੀਨ ਭਾਜਪਾ ‘ਚ ਸ਼ਾਮਲ ਹੋ ਗਏ ਸਨ।












